Anandpur Sahib News: ਪਿੰਡ ਵਾਸੀਆਂ ਨੇ ਚਿਤਾਵਨੀਂ ਦਿੱਤੀ ਹੈ ਕਿ ਵਿਭਾਗ ਨੇ ਜੇਕਰ ਸਾਡੇ ਪਿੰਡਾਂ ਵਿੱਚ ਆ ਰਹੀ ਬਿਜਲੀ ਦੀ ਸਮੱਸਿਆ ਵੱਲੋਂ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਮੁੱਖ ਮਾਰਗ ਨੂੰ ਬੰਦ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ।
Trending Photos
Anandpur Sahib News: ਬਿਜਲੀ ਦੇ ਲੱਗਦੇ ਲੰਬੇ ਲੰਬੇ ਕੱਟਾਂ ਤੋਂ ਬਾਅਦ ਚੰਗਰ ਇਲਾਕੇ ਦੇ ਪਿੰਡ ਬਰੂਵਾਲ, ਮੱਸੇਵਾਲ, ਮਝੇੜ, ਦਭੂੜ, ਨਾਰਡ, ਘਨੌਰ, ਦੇਹਣੀ ,ਮੋੜਾ ਦੇ ਲੋਕਾਂ ਨੇ ਇਕੱਠੇ ਹੋ ਕੇ ਮੱਸੇਵਾਲ ਸਕੂਲ ਨਜ਼ਦੀਕ ਇੱਕ ਰੋਸ ਧਰਨਾ ਦਿੱਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਬਿਜਲੀ ਦੇ ਦਿਨ ਅਤੇ ਰਾਤ ਸਮੇਂ ਲੱਗਦੇ ਲੰਬੇ ਕੱਟਾਂ ਤੋਂ ਭਾਰੀ ਪਰੇਸ਼ਾਨ ਹਨ।
ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਘਰਾਂ ਦੇ ਵਿੱਚ ਮਰੀਜ਼ ਗਰਮੀ ਨਾਲ ਬੇਹਾਲ ਹੁੰਦੇ ਹਨ। ਉੱਥੇ ਹੀ ਛੋਟੇ ਛੋਟੇ ਬੱਚੇ ਸਕੂਲਾਂ ਦੇ ਵਿੱਚ ਵੀ ਗਰਮੀ ਨਾਲ ਬੇਹਾਲ ਹੋ ਰਹੇ ਹਨ ਪਰ ਪਿਛਲੇ 15 ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਕਦੇ ਤਾਂ ਪਰਮਿਟ ਦੇ ਨਾਂਅ ਅਤੇ ਕਦੇ ਫਾਲਟ ਪੈਣ ਦੇ ਨਾਂਅ 'ਤੇ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ। ਜਿਸ ਕਰਕੇ ਉਹਨਾਂ ਨੇ ਆਖਰਕਾਰ ਹੁਣ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ।
ਇਸ ਮੌਕੇ ਉਹਨਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਦੋ ਦਿਨ ਦਾ ਟਾਈਮ ਦਿੰਦੇ ਹਨ ਜੇਕਰ ਉਹਨਾਂ ਦੀ ਬਿਜਲੀ ਸਪਲਾਈ ਦੇ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਦੋ ਦਿਨ ਬਾਅਦ ਚੰਡੀਗੜ੍ਹ ਕੁੱਲੂ ਮਨਾਲੀ ਨੈਸ਼ਨਲ ਹਾਈਵੇ ਮੁੱਖ ਮਾਰਗ ਨੂੰ ਬੰਦ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਦੀ ਸਮੁੱਚੀ ਜਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੀ ਹੋਵੇਗੀ ।
ਇਸ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਇਬ ਤਹਿਸੀਲਦਾਰ ਨੂੰ ਉਕਤ ਇਲਾਕੇ ਦੇ ਲੋਕਾਂ ਵੱਲੋਂ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਮੱਸੇਵਾਲ ਵਿਖੇ ਪਹੁੰਚੇ ਨਾਇਬ ਤਹਿਸੀਲਦਾਰ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਹ ਮੰਗ ਪੱਤਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।