Amritsar News: ਇਹ ਘਟਨਾ ਬੀਤੇ ਕੱਲ੍ਹ 26 ਜਨਵਰੀ ਗਣਤੰਤਰ ਦਿਵਸ ਨੂੰ ਬਾਅਦ ਦੁਪਹਿਰ ਵਾਪਰੀ, ਜਦੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ ਇੱਥੇ ਲੱਗੀ ਇੱਕ ਪੌੜੀ ਦੀ ਮਦਦ ਨਾਲ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਉਤੇ ਚੜ੍ਹ ਕੇ ਇਸ ਨੂੰ ਹਥੌੜੇ ਨਾਲ ਤੋੜਨ ਅਤੇ ਅਪਮਾਨਤ ਕਰਨ ਦਾ ਯਤਨ ਕੀਤਾ।
Trending Photos
Amritsar News: ਅੰਮ੍ਰਿਤਸਰ ਸਾਹਿਬ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਆਕਾਸ਼ ਸਿੰਘ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਹੈ। ਪਰਿਵਾਰ ਨੇ ਆਪਣੇ ਪੁੱਤਰ ਵੱਲੋਂ ਕੀਤੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਉਸ ਦਾ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਧਰਮਕੋਟ ਵਿੱਚ ਕਿਰਾਏ ਦੇ ਮਕਾਨ ਉੱਤੇ ਰਹਿੰਦਾ ਹੈ। ਉਹ ਤਿੰਨ ਭਰਾ ਅਤੇ ਇੱਕ ਭੈਣ ਹਨ। ਆਕਾਸ਼ਦੀਪ ਅਤੇ ਉਸਦਾ ਭਰਾ ਅਣਵਿਆਹੇ ਹਨ। ਉਸਦਾ ਪਰਿਵਾਰ ਇੱਕ ਮਜ਼ਦੂਰ ਹੈ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹੈ। ਮਾਤਾ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾ ਤੋਂ ਉਹ ਸਾਡੇ ਨਾਲ ਗੱਲਬਾਤ ਨਹੀਂ ਕਰ ਰਿਹਾ। ਉਹ ਦੁਬਈ ਜਾਣ ਤੋਂ ਪਹਿਲਾਂ ਤਿੰਨ-ਚਾਰ ਸਾਲ ਪਹਿਲਾਂ ਸਾਨੂੰ ਮਿਲਣ ਆਇਆ ਸੀ। ਪਰ ਉੱਥੇ ਜਾਣ ਤੋਂ ਬਾਅਦ ਉਸਨੇ ਸਾਨੂੰ ਇਹ ਵੀ ਕਹਿ ਦਿੱਤਾ ਕਿ "ਜੇ ਤੁਸੀਂ ਮਰ ਵੀ ਜਾਓ, ਮੈਂ ਤੁਹਾਨੂੰ ਅੱਗ ਲਗਾਉਣ ਤੱਕ ਨਹੀਂ ਆਵਾਂਗਾ।"..ਮਾਂ ਨੇ ਕਿਹਾ, "ਮੇਰੇ ਪੁੱਤਰ ਨੇ ਜੋ ਕੀਤਾ ਉਹ ਬਿਲਕੁਲ ਗਲਤ ਸੀ। ਜੇਕਰ ਉਸਨੇ ਕੋਈ ਗਲਤੀ ਕੀਤੀ ਹੈ, ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।" ਪਰਿਵਾਰ ਨੇ ਇਹ ਦੱਸਿਆ ਕਿ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ, ਉਹ ਆਪਣੀ ਨਾਨੀ ਨੂੰ ਮਿਲਿਆ ਅਤੇ ਅੰਮ੍ਰਿਤਸਰ ਸਾਹਿਬ ਵਿੱਚ ਕਿਰਾਏ 'ਤੇ ਰਹਿਣ ਲੱਗ ਪਿਆ।
ਗੁਆਂਢੀਆਂ ਦਾ ਕਹਿਣਾ ਹੈ ਕਿ ਪਰਿਵਾਰ ਨੇ ਆਪਣੀ ਗਰੀਬੀ ਖ਼ਤਮ ਕਰਨ ਦੇ ਲ਼ਈ ਆਕਾਸ਼ ਨੂੰ ਦੁਬਈ ਭੇਜਿਆ ਸੀ। ਦੁਬਈ ਜਾਣ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਬੁਲਾਉਣਾ ਬੰਦ ਕਰ ਦਿੱਤਾ ਅਤੇ ਜਦੋਂ ਵਾਪਸ ਪਰਤਿਆ ਤਾਂ ਉਹ ਪਰਿਵਾਰ ਨੂੰ ਮਿਲਣ ਦੀ ਥਾਂ ਨਾਨੀ ਕੋਲ ਚਲਾ ਗਿਆ ਅਤੇ ਉੱਥੇ ਰਹਿਣ ਲੱਗ ਪਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਦੁਬਈ ਗਿਆ ਸੀ, ਤਾਂ ਉਹ ਕਲੀਨ ਸ਼ੇਵ ਸੀ, ਪਰ ਉੱਥੋਂ ਵਾਪਸ ਆਉਣ ਤੋਂ ਬਾਅਦ ਉਸਨੇ ਸਿੱਖ ਸਰੂਪ ਅਪਣਾ ਲਿਆ। ਉਸਦੇ ਇਸ ਕੰਮ ਦੀ ਗੁਆਂਢੀਆਂ ਵੱਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।
ਦੱਸਦਈਏ ਕਿ ਇਹ ਘਟਨਾ ਬੀਤੇ ਕੱਲ੍ਹ 26 ਜਨਵਰੀ ਗਣਤੰਤਰ ਦਿਵਸ ਨੂੰ ਬਾਅਦ ਦੁਪਹਿਰ ਵਾਪਰੀ, ਜਦੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ ਇੱਥੇ ਲੱਗੀ ਇੱਕ ਪੌੜੀ ਦੀ ਮਦਦ ਨਾਲ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਉਤੇ ਚੜ੍ਹ ਕੇ ਇਸ ਨੂੰ ਹਥੌੜੇ ਨਾਲ ਤੋੜਨ ਅਤੇ ਅਪਮਾਨਤ ਕਰਨ ਦਾ ਯਤਨ ਕੀਤਾ। ਇਸ ਦੌਰਾਨ ਉਥੇ ਨਿੱਜੀ ਸੁਰੱਖਿਆ ਕਰਮਚਾਰੀ ਅਤੇ ਕੁਝ ਹੋਰ ਵਿਅਕਤੀਆਂ ਨੇ ਮੁਲਜ਼ਮ ਨੂੰ ਤੁਰੰਤ ਕਾਬੂ ਕਰ ਲਿਆ। ਉਸ ਦੀ ਕਥਿਤ ਮਾਰ ਕੁੱਟ ਵੀ ਕੀਤੀ ਗਈ ਹੈ ਤੇ ਬਾਅਦ ਵਿੱਚ ਪੁਲਿਸ ਨੂੰ ਸੌਂਪ ਦਿੱਤਾ ਗਿਆ।