ਬੀਬੀ ਜਗੀਰ ਕੌਰ ਨੇ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨਾਲ ਦੁਬਾਰਾ ਗੱਠਜੋੜ ਦੀ ਗੱਲਬਾਤ ਹੋ ਰਹੀ ਹੈ।
Trending Photos
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਹੀ ਹੋਣਗੇ।
ਸ਼੍ਰੋਮਣੀ ਕਮੇਟੀ ਦੇ ਮੈਬਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੋਇਆ ਐਲਾਨ
ਪਾਰਟੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਅਤੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ 9 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਧਾਨ ਦੇ ਅਹੁਦੇ ਲਈ ਅਕਾਲੀ ਦਲ ਵਲੋਂ ਹਰਜਿੰਦਰ ਸਿੰਘ ਧਾਮੀ ਨੂੰ ਹੀ ਉਮੀਦਵਾਰ ਐਲਾਨਿਆ ਗਿਆ ਹੈ।
ਪਹਿਲੀ ਵਾਰ ਚੋਣਾਂ ਤੋਂ ਪਹਿਲਾਂ ਹੋਇਆ ਉਮੀਦਵਾਰ ਦਾ ਐਲਾਨ
ਇੱਥੇ ਦੱਸਣਾ ਬਣਦਾ ਹੈ ਕਿ ਉਮੀਦਵਾਰ ਦਾ ਨਾਮ ਦਾ ਐਲਾਨ ਕੀਤਾ ਗਿਆ ਹੋਵੇ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਜਨਰਲ ਇਜਲਾਸ ਸ਼ੁਰੂ ਹੋਣ ਤੋਂ ਐਨ ਪਹਿਲਾਂ ਹੀ ਉਮੀਦਵਾਰ ਦਾ ਐਲਾਨ ਕੀਤਾ ਜਾਂਦਾ ਸੀ। ਇਸ ਕਾਰਨ ਅਕਾਲੀ ਦਲ ’ਤੇ ਹਮੇਸ਼ਾ ਇਲਜ਼ਾਮ ਲੱਗਦਾ ਸੀ ਕਿ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਿਫਾਫ਼ੇ ’ਚੋਂ ਨਿਕਲਦਾ ਹੈ।
ਬੀਬੀ ਜਗੀਰ ਕੌਰ ਚੋਣ ਲੜਨ ਦੇ ਫ਼ੈਸਲੇ ’ਤੇ ਕਾਇਮ
ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਮੁਕਾਬਲਾ ਦਿਲਚਸਪ ਹੋਣ ਵਾਲਾ ਹੈ। ਜਿੱਥੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਚੋਣ ਲੜਨ ਦੇ ਆਪਣੇ ਸਟੈਂਡ ’ਤੇ ਕਾਇਮ ਹਨ ਉੱਥੇ ਹੀ ਅਕਾਲੀ ਦਲ (ਬਾਦਲ) ਵਲੋਂ ਬੀਬੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹੋਰ ਤਾਂ ਹੋਰ ਬੀਬੀ ਜਗੀਰ ਕੌਰ ਵੀ ਪਿੱਛੇ ਹੱਟਣ ਦੇ ਰੌਅ ’ਚ ਨਹੀਂ ਜਾਪਦੇ, ਸਗੋਂ ਉਨ੍ਹਾਂ ਵਲੋਂ ਚੋਣਾਂ ਦੇ ਸਬੰਧ ’ਚ ਕਮੇਟੀ ਮੈਬਰਾਂ ਨਾਲ ਅੰਦਰਖਾਤੇ ਮੁਲਾਕਾਤਾਂ ਜਾਰੀ ਹਨ।
ਅਕਾਲੀ-ਭਾਜਪਾ ਗੱਠਜੋੜ ਦੁਬਾਰਾ ਹੋਵੇਗਾ: ਬੀਬੀ ਜਗੀਰ ਕੌਰ
ਬੀਬੀ ਜਗੀਰ ਕੌਰ ਨੇ ਹੁਣ ਨਵਾਂ ਖੁਲਾਸਾ ਕੀਤਾ ਹੈ ਕਿ ਅਕਾਲੀ ਦਲ ਅੰਦਰਖਾਤੇ ਭਾਜਪਾ ਨਾਲ ਗੱਠਜੋੜ ਦੀ ਗੱਲ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਡਾ. ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਨੂੰ ਮੁਲਾਕਾਤ ਦੌਰਾਨ ਦੱਸਿਆ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨਾਲ ਦੁਬਾਰਾ ਗੱਠਜੋੜ ਦੀ ਗੱਲਬਾਤ ਹੋ ਰਹੀ ਹੈ। ਕਿਉਂਕਿ ਗੱਠਜੋੜ ਤੋਂ ਬਿਨਾਂ 2024 ਦੀਆਂ ਲੋਕ ਸਭਾ ਚੋਣਾਂ ’ਚ ਦੋਹਾਂ ਪਾਰਟੀਆਂ ਦਾ ਜਿੱਤਣਾ ਮੁਸ਼ਕਲ ਹੈ, ਇਸ ਲਈ ਮਜ਼ਬੂਰੀ ਵੱਸ ਅਕਾਲੀ ਦਲ ਨੂੰ ਭਾਜਪਾ ਨਾਲ ਗੱਠਜੋੜ ਕਰਨਾ ਹੀ ਹੋਵੇਗਾ।