Sultanpur Lodhi News: ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਦੋਨਾਂ ਦਾ 5ਵਾਂ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਯਾਦਗਾਰੀ ਹੋ ਨਿਬੜਿਆ।
Trending Photos
Sultanpur Lodhi News: ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਦੋਨਾਂ ਦਾ 5ਵਾਂ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਯਾਦਗਾਰੀ ਹੋ ਨਿਬੜਿਆ। ਇਹ ਟੂਰਨਾਮੈਂਟ ਕਾਰਗਿਲ ਸ਼ਹੀਦ ਬਲਦੇਵ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਪੁੱਜੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਟੂਰਨਾਮੈਂਟ ਦੀ ਸਫਲਤਾ ਵਿੱਚ ਆਪਣਾ ਬੇਸ਼ਕੀਮਤੀ ਯੋਗਦਾਨ ਪਾਇਆ।
ਇਸ ਦੌਰਾਨ ਟੂਰਨਾਮੈਂਟ ਵਿੱਚ ਪਹੁੰਚੇ ਸੰਤ ਸੀਚੇਵਾਲ ਨੇ ਕਿਹਾ ਕਿ ਜਿੱਥੇ ਖੇਡਾਂ ਹੁੰਦੀਆਂ ਉੱਥੇ ਹੀ ਤੰਦਰੁਸਤੀਆ ਹੁੰਦੀਆਂ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। ਕਿਉਂਕਿ ਜਿਨ੍ਹਾਂ ਨੂੰ ਸਿਹਤ ਚੰਗੀ ਰੱਖਣ ਦਾ ਸ਼ੌਂਕ ਪੈ ਜਾਵੇ ਉਹ ਕਦੇ ਵੀ ਮਾੜੇ ਪਾਸੇ ਵੱਲ ਨਹੀਂ ਲੱਗਦਾ।
ਇਸ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਲਈ ਇੱਕ ਵੱਡਮੁੱਲੀ ਦਾਤ ਹਨ ਅਤੇ ਉਹ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਨ ਕਿ ਸਭ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਨੂੰ ਧਿਆਨ ਦੇਣ ਅਤੇ ਖ਼ੁਦ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਅਤੇ ਆਪਣੇ ਮਾਪਿਆਂ ਦੇ ਨਾਮ ਨੂੰ ਰੌਸ਼ਨ ਕਰਨ।
ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਪ੍ਰਬੰਧਕ ਤੇ ਮੋਹਤਵਾਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਕਬੱਡੀ ਟੂਰਨਾਮੈਂਟ ਨੂੰ ਉਹ ਕਾਰਗਿਲ ਸ਼ਹੀਦ ਬਲਦੇਵ ਸਿੰਘ ਜੀ ਯਾਦ ਦੇ ਵਿੱਚ ਹਰ ਸਾਲ ਕਰਵਾਉਂਦੇ ਹਨ। ਇਸ ਟੂਰਨਾਮੈਂਟ ਨੂੰ ਕਰਵਾਉਣ ਦਾ ਉਨ੍ਹਾਂ ਦਾ ਮਕਸਦ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੇ ਇਸ ਕੋਹੜ ਨੇ ਸਾਡੀ ਨੌਜਵਾਨ ਪੀੜੀ ਨੂੰ ਐਸਾ ਜਕੜ ਕੇ ਰੱਖਿਆ ਹੈ ਕਿ ਇਸ ਨਾਮੁਰਾਦ ਨਸ਼ਿਆਂ ਦੀ ਬਿਮਾਰੀ ਨੂੰ ਸਿਰਫ ਖੇਡਾਂ ਹੀ ਖਤਮ ਕਰ ਸਕਦੀਆਂ ਹਨ।
ਕੰਵਲਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਵੱਖ-ਵੱਖ ਪਿੰਡਾਂ ਤੋਂ ਟੀਮਾਂ ਨੇ ਹਿੱਸਾ ਲਿਆ ਤੇ ਜਿਸ ਵਿੱਚ ਫਾਈਨਲ ਮੁਕਾਬਲਾ ਤਲਵਣ ਤੇ ਸੁਰਖਪੁਰ ਦੀ ਟੀਮ ਦੇ ਦਰਮਿਆਨ ਖੇਡਿਆ ਗਿਆ। ਇਸ ਵਿਚ ਤਲਵਣ ਦੀ ਟੀਮ ਨੇ ਸੁਰਖਪੁਰ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਦੀ ਟ੍ਰਾਫ਼ੀ ਉਤੇ ਕਬਜ਼ਾ ਕੀਤਾ।
ਟੂਰਨਾਮੈਂਟ ਦੀ ਜੇਤੂ ਟੀਮ ਤਲਵਣ ਨੂੰ 61000 ਰੁਪਏ ਅਤੇ ਉਪ ਜੇਤੂ ਟੀਮ ਸੁਰਖਪੁਰ ਨੂੰ 41000 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਨਿਵਾਜਿਆ ਗਿਆ। ਟੂਰਨਾਮੈਂਟ ਦੇ ਬੈਸਟ ਰਹੇ ਜਾਫੀ ਤੇ ਰੇਡਰਾਂ ਨੂੰ 31-31 ਹਜ਼ਾਰ ਰੁਪਏ ਦੇਕੇ ਸਨਮਾਨਿਆ ਗਿਆ। ਇਸ ਟੂਰਨਾਮੈਂਟ ਦੀ ਸ਼ੋਭਾ ਵਧਾਉਣ ਲਈ ਖਾਸ ਤੌਰ ਉਤੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਸਮੇਤ ਕਪੂਰਥਲਾ ਤੋਂ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਰਜਿੰਦਰ ਕੌਰ ਰਾਜ, ਗੁਰਦੇਵ ਸਿੰਘ ਲਾਖਣਾ ਚੇਅਰਮੈਨ ਵੇਅਰ ਹਾਉਸ ਪੰਜਾਬ ਅਤੇ ਕਪੂਰਥਲਾ ਤੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਖਾਸ ਤੌਰ ਉਤੇ ਮੌਜੂਦ ਰਹੇ।