ਪੰਜਾਬੀ ਸੰਗੀਤ ਜਗਤ ਦੇ ਕਈ ਧਰੂ ਤਾਰੇ ਪੰਜਾਬ, ਪੰਜਾਬੀ ਤੇ ਪੰਜਾਬੀਅਤ 'ਚ ਆਪਣਾ ਗੂੜਾ ਯੋਗਦਾਨ ਪਾ ਕੇ ਜਹਾਨ ਤੋਂ ਤੁਰ ਗਏ। ਕੁਝ ਸ਼ਖਸੀਅਤਾਂ ਜਿਹੀਆਂ ਹੁੰਦੀਆਂ ਹਨ ਜੋ ਜਿਸਮਾਨੀ ਤੌਰ 'ਤੇ ਇਸ ਜਹਾਨ ਤੋਂ ਚਲੀਆਂ ਜਾਂਦੀਆਂ ਹਨ ਪਰ ਰੂਹਾਨੀ 'ਤੇ ਉਹ ਸਦਾ ਲੋਕਾਂ ਦੇ ਦਿਲਾਂ 'ਚ ਜਿਉਂਦੀਆਂ ਰਹਿੰਦੀਆਂ ਹਨ।
ਸੁਰਿੰਦਰ ਸ਼ਿੰਦਾ ਨੇ ਸਿਰਫ਼ ਪੰਜਾਬੀ ਗਾਇਕੀ 'ਚ ਹੀ ਆਪਣਾ ਲੋਹਾ ਨਹੀਂ ਮਨਵਾਇਆ ਸਗੋਂ ਉਨ੍ਹਾਂ ਪੰਜਾਬੀ ਫ਼ਿਲਮਾਂ 'ਚ ਵੀ ਚੰਗੀ ਅਦਕਾਰੀ ਦੀ ਮਿਸਾਲ ਪੈਦਾ ਕੀਤੀ ਸੀ। 26 ਜੁਲਾਈ 2023 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਤੇ ਉਨ੍ਹਾਂ ਦੀ ਆਵਾਜ਼ ਸਦਾ ਪ੍ਰਸ਼ੰਸਕਾਂ ਦੇ ਕੰਨਾਂ ਵਿੱਚ ਗੂੰਜਦੀ ਰਹੇਗੀ। ਜੇਕਰ ਉਨ੍ਹਾਂ ਦੀ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਲੋਕ ਰੰਗ, ਸੱਭਿਆਚਾਰਕ, ਲੋਕ ਗਾਥਾਵਾਂ ਤੇ ਪਰਿਵਾਰਕ ਰਿਸ਼ਤਿਆਂ ਦੇ ਰੰਗ ’ਚ ਚੁਲਬੁਲੇ ਦੋਗਾਣਿਆਂ ਦੇ ਨਾਂ ਨਾਲ ਜਾਣੇ ਜਾਂਦੇ ਸਨ।
ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਦਾ 21 ਫਰਵਰੀ 2021 ਨੂੰ ਦੇਹਾਂਤ ਹੋ ਗਿਆ ਸੀ। ਸਰਦੂਲ ਸਿਕੰਦਰ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਨੇ ਸੰਗੀਤ ਜਗਤ 'ਚ ਆਪਣੀ ਖ਼ਾਸ ਪਛਾਣ ਬਣਾਉਣ ਲਈ ਅਣਥੱਕ ਮਿਹਨਤ ਕੀਤੀ। 'ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ' ਹੋਵੇ, 'ਤੇਰਾ ਲਿਖ ਦੂੰ ਸਫੇਦਿਆਂ 'ਤੇ ਨਾਂ' ਹੋਵੇ ਜਾਂ ਫਿਰ 'ਰੋਡਵੇਜ਼ ਦੀ ਲਾਰੀ' ਹੋਵੇ, ਸਾਰੇ ਗੀਤ ਸਰੋਤਿਆਂ ਨੂੰ ਝੂਮਣ ਲਾ ਦਿੰਦੇ ਹਨ।
ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ 'ਚ ਹੀ ਗਾਇਕੀ ਦੇ ਖੇਤਰ 'ਚ ਵੱਡਾ ਮੁਕਾਮ ਹਾਸਲ ਕਰ ਲਿਆ ਸੀ। 29 ਮਈ 2022 ਨੂੰ ਪਿੰਡ ਜਵਾਹਰਕੇ 'ਚ ਇਸ ਬੁਲੰਦ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਕਰ ਦਿੱਤਾ ਗਿਆ ਸੀ।
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ। ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਦਾ ਦਰਜਾ ਦਵਾਉਣ ਵਾਲੀ ਦੇਵ ਥਰੀਕੇ ਵਾਲੀ ਦੀ ਲਿਖੀ ਹੋਈ ਕਲੀ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਹੈ। ਪੰਜਾਬੀ ਫ਼ਿਲਮਾਂ ਵਿੱਚ ਵੀ ਮਾਣਕ ਨੇ ਕਾਫ਼ੀ ਗੀਤ ਗਾਏ। 30 ਨਵੰਬਰ 2011 ਨੂੰ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸਨ।
ਪੰਜਾਬੀ ਗਾਇਕ ਦਿਲਜਾਨ ਆਪਣੀ ਮਿਠਾਸ ਭਰੀ ਆਵਾਜ਼ ਲਈ ਜਾਣੇ ਜਾਂਦੇ ਸਨ। ਗਾਇਕ ਦਿਲਜਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ। 33 ਸਾਲ ਦੀ ਉਮਰ 'ਚ 30 ਮਾਰਚ 2021 ਨੂੰ ਦਰਦਨਾਕ ਸੜਕ ਹਾਦਸੇ 'ਚ ਉਨ੍ਹਾਂ ਦੀ ਜਾਨ ਚਲੀ ਗਈ ਸੀ।
ट्रेन्डिंग फोटोज़