School of Happiness: ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਯਤਨ ਕਰ ਰਹੀ ਹੈ।ਸੂਬੇ ਵਿੱਚ "ਸਕੂਲ ਆਫ ਐਮੀਨੈਂਸ" ਖੋਲ੍ਹਣ ਤੋਂ ਬਾਅਦ ਹੁਣ ਪੰਜਾਬ ਸਰਕਾਰ "ਸਕੂਲ ਆਫ ਹੈਪੀਨਸ" ਖੋਲ੍ਹਣ ਜਾ ਰਹੀ ਹੈ।
Trending Photos
School of Happiness(ਰੋਹਿਤ ਬਾਂਸਲ): ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਪੁਲੰਘਾ ਪੁੱਟਦੇ ਹੋਏ ਸੂਬੇ ਭਰ ਵਿੱਚ 'ਸਕੂਲ ਆਫ ਹੈਪੀਨਸ' ਖੋਲ੍ਹਣ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲਖੇੜੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਪੰਜਾਬ ਦਾ ਪਹਿਲਾ 'ਸਕੂਲ ਆਫ ਹੈਪੀਨਸ' ਬਣੇਗਾ। ਸਿੱਖਿਆ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ 132 ਅਜਿਹੇ ਸਕੂਲ ਖੋਲ੍ਹੇ ਜਾਣਗੇ। ਜਿਨ੍ਹਾਂ ਵਿੱਚ ਦਸ ਸ਼ਹਿਰੀ ਅਤੇ 122 ਹੋਣਗੇ ਪੇਂਡੂ ਇਲਾਕਿਆਂ ਵਿੱਚ ਹੋਣਗੇ। ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਦੀ ਸ਼ੁਰੂਆਤ ਚਿਲਡਰਨ ਡੇ ਵਾਲੇ ਦਿਨ ਕੀਤੀ ਜਾ ਸਕਦੀ ਹੈ।
ਸਕੂਲਾਂ ਵਿੱਚ ਕੀ ਕੁੱਝ ਖ਼ਾਸ
ਜੇਕਰ ਇਨ੍ਹਾਂ ਸਕੂਲਾਂ ਦੀ ਖਾਸੀਅਤ ਬਾਰੇ ਗੱਲ ਕਰੀਏ ਤਾਂ ਸਕੂਲ ਵਿੱਚ ਸ਼ਨੀਵਾਰ ਨੂੰ ਬੈਗ ਫਰੀ ਦਿਨ ਰਹੇਗਾ। ਅੱਠ ਕਲਾਸ ਰੂਮ ਸਮੇਤ ਕੰਪਿਊਟਰ ਲੈਬ, ਕ੍ਰਿਕਟ, ਬੈਡਮਿੰਟਨ, ਫੁਟਬਾਲ ਸਟੇਡੀਅਮ ਅਤੇ ਅਲੱਗ-ਅਲੱਗ ਉਮਰ ਗਰੁੱਪ ਦੇ ਹਿਸਾਬ ਨਾਲ ਸਪੈਸ਼ਲ ਸੁਵਿਧਾ ਹੋਵੇਗੀ। ਇਨ੍ਹਾਂ ਸਕੂਲਾਂ ਵਿੱਚ ਰੰਗਦਾਰ ਕਲਾਸ ਰੂਮ ਅਤੇ ਰੰਗਦਾਰ ਫਰਨੀਚਰ ਨਾਲ ਬੱਚਿਆਂ ਨੂੰ ਪੜ੍ਹਾਈ ਵੱਲ ਆਕਰਸ਼ਿਤ ਕੀਤਾ ਜਾਵੇਗਾ। ਬੱਚਿਆਂ ਦੀਆਂ ਕਿਤਾਬਾਂ ਨੂੰ ਵੀ ਵੱਖਰੇ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਏਗਾ। 'ਸਕੂਲ ਆਫ ਹੈਪੀਨਸ' ਵਿੱਚ ਬੱਚਿਆਂ ਨੂੰ ਪੜਾਈ ਅਤੇ ਖੇਡਾਂ ਦੇ ਨਾਲ-ਨਾਲ ਆਰਟ ਮਿਊਜਿਕ ਅਤੇ ਡਾਂਸ ਵੀ ਸਿਖਾਇਆ ਜਾਵੇਗਾ ਤਾਂ ਜੋ ਉਹ ਹਰ ਖੇਤਰ ਵਿੱਚ ਨਿਪੁੰਨ ਹੋਣ ਸਕਣ।
ਸਕੁਲਾਂ ਲਈ ਰੱਖਿਆ ਅਲੱਗ ਤੋਂ ਬਜਟ
ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਸਕੂਲਾਂ ਦੀ ਸ਼ੁਰੂਆਤ ਲਈ 10 ਕਰੋੜ ਤੋਂ ਵੱਧ ਦਾ ਬਜਟ ਰੱਖਿਆ ਹੈ। ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਬਾਰਡ ਦੀ ਮਦਦ ਨਾਲ ਵੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸਿੱਖਿਆ ਵਿਭਾਗ ਮੁਤਾਬਿਕ ਪੰਜਾਬ ਵਿੱਚ ਇਸ ਵੇਲੇ 12,800 ਪੰਜਵੀਂ ਕਲਾਸ ਤੱਕ ਦੇ ਪ੍ਰਾਈਮਰੀ ਸਕੂਲ ਹਨ। ਜਿਨ੍ਹਾਂ ਵਿੱਚ 48 ਹਜ਼ਾਰ ਅਧਿਆਪਕ 1.4 ਮਿਲੀਅਨ ਸਟੂਡੈਂਟ ਨੂੰ ਪੜਾਉਂਦੇ ਹਨ।
ਸਕੂਲ ਆਫ ਐਮੀਨੈਂਸ
ਦੱਸਦਈਏ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ 2023 ਵਿੱਚ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਸੀ। ਸਰਕਾਰ ਵੱਲੋਂ ਸੂਬੇ ਭਰ ਵਿੱਚ 117 ਸਕੂਲ ਆਫ਼ ਐਮੀਨੈਂਸ ਖੋਲ੍ਹੇ ਗਏ ਸਨ। ਇਹ ਸਕੂਲ ਵਿਦਿਆਰਥੀਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲਣ ਦਾ ਕੰਮ ਕਰਨਗੇ।