PM Narendra Modi: ਕੈਨੇਡਾ ਦੇ ਬਰੈਂਪਟਨ ਵਿੱਚ ਮੰਦਿਰ ਵਿੱਚ ਸ਼ਰਧਾਲੂਆਂ ਉਪਰ ਵੱਖਵਾਦੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Trending Photos
PM Narendra Modi: ਕੈਨੇਡਾ ਦੇ ਬਰੈਂਪਟਨ ਵਿੱਚ ਮੰਦਿਰ ਵਿੱਚ ਸ਼ਰਧਾਲੂਆਂ ਉਪਰ ਗਰਮਖਿਆਲੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।
ਸਾਡੇ ਡਿਪਲੋਮੈਟਾਂ ਨੂੰ ਡਰਾਉਣ ਦੀ ਕਾਇਰਤਾ ਭਰੀ ਕੋਸ਼ਿਸ਼ ਵੀ ਓਨੀ ਹੀ ਭਿਆਨਕ ਹੈ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਦੇ ਸੰਕਲਪ ਨੂੰ ਕਦੇ ਵੀ ਕਮਜ਼ੋਰ ਨਹੀਂ ਕਰ ਸਕਦੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ।
ਕੈਨੇਡਾ ਦੇ ਬਰੈਂਪਟਨ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ ਦੇ ਸਬੰਧ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਬੀਤੇ ਦਿਨ ਓਨਟਾਰੀਓ ਦੇ ਬਰੈਂਪਟਨ 'ਚ ਹਿੰਦੂ ਸਭਾ ਮੰਦਰ 'ਚ ਕੱਟੜਪੰਥੀਆਂ ਅਤੇ ਵੱਖਵਾਦੀਆਂ ਵੱਲੋਂ ਕੀਤੀ ਗਈ ਹਿੰਸਾ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਦੇ ਹਾਂ ਕਿ ਸਾਰੇ ਧਾਰਮਿਕ ਸਥਾਨਾਂ ਨੂੰ ਅਜਿਹੇ ਹਮਲਿਆਂ ਤੋਂ ਸੁਰੱਖਿਅਤ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਉਮੀਦ ਹੈ ਕਿ ਹਿੰਸਾ 'ਚ ਸ਼ਾਮਲ ਲੋਕਾਂ 'ਤੇ ਕਾਰਵਾਈ ਹੋਵੇਗੀ। ਅਸੀਂ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ। ਭਾਰਤੀਆਂ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਸਮਾਨ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਕੌਂਸਲਰ ਅਫਸਰਾਂ ਦੀ ਪਹੁੰਚ ਨੂੰ ਡਰਾਉਣ, ਪਰੇਸ਼ਾਨੀ ਅਤੇ ਹਿੰਸਾ ਦੁਆਰਾ ਰੋਕਿਆ ਨਹੀਂ ਜਾਵੇਗਾ।
ਕਾਬਿਲੇਗੌਰ ਹੈ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਹਿੰਦੂ ਸਭਾ ਮੰਦਰ ਨੇੜੇ ਵੱਖਵਾਦੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਕਥਿਤ ਤੌਰ ’ਤੇ ਮੰਦਰ ਵਿੱਚ ਮੌਜੂਦ ਸ਼ਰਧਾਲੂਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਕ ਹੋ ਗਿਆ। ਇਹ ਵਿਰੋਧ ਮੁਜ਼ਾਹਰਾ ਮੰਦਿਰ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਲੋਕਾਂ ਦੀ ਮਦਦ ਲਈ ਲਾਏ ਗਏ ਕੌਂਸਲਰ ਕੈਂਪ ਦੇ ਖ਼ਿਲਾਫ਼ ਕੀਤਾ ਜਾ ਰਿਹਾ ਸੀ। ਹਾਈ ਕਮਿਸ਼ਨ ਵੱਲੋਂ ਅਕਸਰ ਮੰਦਰਾਂ, ਗੁਰਦੁਆਰਿਆਂ ਅਤੇ ਅਜਿਹੇ ਹੋਰ ਸਥਾਨਾਂ ਉਤੇ ਭਾਰਤੀ ਲੋਕਾਂ ਤੇ ਭਾਰਤੀ-ਕੈਨੇਡੀਅਨਾਂ ਦੇ ਭਾਰਤ ਨਾਲ ਸਬੰਧਤ ਕੰਮ-ਕਾਜ ਦੇ ਨਿਬੇੜੇ ਲਈ ਅਜਿਹੇ ਕੈਂਪ ਲਾਏ ਜਾਂਦੇ ਹਨ।