Gurdaspur Accident: ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਤਹਿਤ ਪੈਂਦੇ ਪਿੰਡ ਰਾਏਪੁਰ ਦੇ ਬਾਂਠਾਂ ਵਾਲੇ ਮੋੜ ਉਤੇ ਸਵੇਰੇ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ।
Trending Photos
Gurdaspur Accident: ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਤਹਿਤ ਪੈਂਦੇ ਪਿੰਡ ਰਾਏਪੁਰ ਦੇ ਬਾਂਠਾਂ ਵਾਲੇ ਮੋੜ ਉਤੇ ਸਵੇਰੇ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫਤਾਰ ਕਰੇਟਾ ਗੱਡੀ ਬੱਸ ਸਟਾਪ ਉਤੇ ਖੜ੍ਹੀਆਂ ਤਿੰਨ ਔਰਤਾਂ ਤੇ ਬੱਚੀ ਨੂੰ ਕੁਚਲਦੀ ਹੋਈ ਥੋੜ੍ਹੀ ਅੱਗੇ ਜਾ ਕੇ ਇੱਕ ਦੁਕਾਨ ਵਿੱਚ ਵਜ ਕੇ ਪਲਟ ਗਈ। ਹਾਦਸੇ ਵਿੱਚ ਦੋ ਔਰਤਾਂ ਦੀ ਮੌਕੇ ਉਤੇ ਮੌਤ ਹੋ ਗਈ ਜਦਕਿ ਬੱਚੀ ਅਤੇ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਧਾ ਸ਼ਰਮਾ ਵਾਸੀ ਈਸਾਪੁਰ ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਤੇ ਆਪਣੇ ਸਕੂਟਰੀ ਉਤੇ ਸਕੂਲ ਜਾ ਰਹੀ ਸੀ ਕਿ ਸੜਕ ਪਾਰ ਕਰਨ ਲਈ ਬੱਸ ਸਟਾਪ ਨੇੜੇ ਖੜ੍ਹੀ ਸੀ ਤੇ ਉਸ ਦੇ ਨਾਲ ਹੀ ਬੱਸ ਸਟਾਪ ਉਤੇ ਕ੍ਰਿਸ਼ਨਾ ਕੁਮਾਰੀ ਵਾਸੀ ਈਸਾਪੁਰ ਆਪਣੀ ਛੋਟੀ ਪੋਤਰੀ ਨਾਲ ਖੜ੍ਹੀ ਸੀ ਅਤੇ ਇੱਕ ਹੋਰ ਔਰਤ ਵੀ ਉਥੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਦੂਜੇ ਪਾਸੇ ਇੱਕ ਤੇਜ਼ ਰਫਤਾਰ ਕਰੇਟਾ ਕਾਰ ਆਈ ਅਤੇ ਤਿੰਨੇ ਔਰਤਾਂ ਨੂੰ ਕੁਚਲਦੀ ਹੋਈ ਦੁਕਾਨ ਵਿੱਚ ਜਾ ਵਜ ਕੇ ਪਲਟ ਗਈ।
ਇਸ ਕਾਰਨ ਸੁਧਾ ਸ਼ਰਮਾ ਅਤੇ ਕ੍ਰਿਸ਼ਨਾ ਕੁਮਾਰੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਤ੍ਰਿਸ਼ਨਾ ਕੁਮਾਰੀ ਦੀ ਪੋਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਦੁਰਘਟਨਾ ਵਿੱਚ ਇੱਕ ਹੋਰ ਔਰਤ ਦੇ ਜ਼ਖ਼ਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਕਾਰ ਦਾ ਚਾਲਕ ਦੁਰਘਟਨਾ ਤੋਂ ਬਾਅਦ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਿਆ। ਉੱਥੇ ਹੀ ਪੁਲਿਸ ਵੱਲੋਂ ਮੌਕੇ ਉਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੱਡੀ ਦੇ ਦਸਤਾਵੇਜ਼ ਦੇ ਆਧਾਰ ਉਤੇ ਇਸ ਦੇ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।
ਉਧਰ ਇਸ ਸਬੰਧੀ ਬਹਿਰਾਮਪੁਰ ਪੁਲਸ ਨੂੰ ਸੂਚਨਾ ਮਿਲਦੇ ਐੱਸ. ਐੱਚ. ਓ. ਸਮੇਤ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਪੁਲਸ ਮੁਤਾਬਕ ਮ੍ਰਿਤਕ ਮਹਿਲਾ ਦੀ ਪਛਾਣ ਕ੍ਰਿਸ਼ਨਾ ਦੇਵੀ (72) ਪਤਨੀ ਸੋਹਨ ਸਿੰਘ ਵਾਸੀ ਰਾਮਪੁਰ ਅਤੇ ਸੁਧਾ ਸ਼ਰਮਾ ਵਾਸੀ ਈਸੇਪੁਰ ਵਜੋਂ ਦੱਸੀ ਗਈ ਹੈ ਅਤੇ ਲੜਕੀ ਆਰਬੀ (8) ਵਾਸੀ ਰਾਮਪੁਰ ਹੈ। ਦੂਜੇ ਪਾਸੇ ਪੁਲਸ ਵੱਲੋਂ ਗੱਡੀ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਜੋ ਗੱਡੀ ਵਿਚੋਂ ਕਾਗਜ਼ ਪੱਤਰ ਮਿਲੇ ਹਨ, ਉਸ ਦੇ ਤੌਰ 'ਤੇ ਗੱਡੀ ਪਠਾਨਕੋਟ ਦੇ ਵਿਅਕਤੀ ਦੇ ਨਾਂ 'ਤੇ ਹੈ ਪਰ ਅਜੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਧਰ ਇਸ ਘਟਨਾ ਕਾਰਨ ਇਲਾਕੇ ਅੰਦਰ ਕਾਫੀ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।