ਛੋਟੀ ਉਮਰ ’ਚ ਸ਼ਹੀਦੀ ਪਾਉਣ ਵਾਲੇ ਸੁਖਦੇਵ ਥਾਪਰ ਦੇ ਵਾਰਸਾਂ ਨੇ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
Trending Photos
ਚੰਡੀਗੜ੍ਹ: ਆਜਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ’ਚ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਮੌਕੇ ਛੋਟੀ ਉਮਰ ’ਚ ਸ਼ਹੀਦੀ ਪਾਉਣ ਵਾਲੇ ਸੁਖਦੇਵ ਥਾਪਰ ਦੇ ਵਾਰਸਾਂ ਨੇ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਵਾਰਸਾਂ ਵਲੋਂ ਕੀਤੇ ਗਏ ਬਾਈਕਾਟ ਕਾਰਨ ਪ੍ਰਸ਼ਾਸਨ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਪਿਛਲੇ 1 ਸਾਲ ਤੋਂ ਲਟਕ ਰਹੇ ਸ਼ਹੀਦ ਸੁਖਦੇਵ ਦੇ ਜਨਮ ਅਸਥਾਨ ਦੇ ਸੁੰਦਰੀਕਰਨ ਦੀ ਪ੍ਰਕਿਰਿਆ ਨੂੰ ਲਟਕਾਉਣ ਅਤੇ ਚੋੜਾ ਬਜ਼ਾਰ ਰਾਹੀਂ ਸ਼ਹੀਦ ਦੇ ਜਨਮ ਅਸਥਾਨ ਨੂੰ ਜਾਣ ਲਈ ਸਿੱਧਾ ਰਸਤਾ ਨਾ ਦਿੱਤੇ ਜਾਣ ਦੇ ਵਿਰੋਧ ’ਚ ਸ਼ਹੀਦ ਸੁਖਦੇਵ ਦਾ ਵਾਰਸਾਂ ਨੇ ਸਰਕਾਰ ਦੇ ਸਮਾਗਮ ਦਾ ਬਾਈਕਾਟ ਕੀਤਾ ਹੈ।
ਕੁਝ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਕੰਮ ਰੋਕਿਆ: ਅਸ਼ੋਕ ਥਾਪਰ
ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਚੇਅਰਮੈਨ ਅਸ਼ੋਕ ਥਾਪਰ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਮਾਗਮ ਲਈ ਸਰਕਾਰ ਵਲੋਂ ਮਿਲੇ ਸੱਦੇ ਨੂੰ ਸਾਡੇ ਵਲੋਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਯਾਦਗਰੀ ਇਮਾਰਤ ਦੇ ਸੁੰਦਰੀਕਰਨ ਲਈ 50 ਲੱਖ ਦੀ ਰਾਸ਼ੀ ਸਰਕਾਰ ਵਲੋਂ ਜਾਰੀ ਕਰ ਦਿੱਤੀ ਗਈ ਸੀ। ਜਿਸਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫ਼ੋਂ ਸ਼ਹੀਦ ਸੁਖਦੇਵ ਥਾਪਰ ਦੇ ਲਈ ਦਿੱਤਾ ਗਿਆ ਸੀ। ਹੋਰ ਤਾਂ ਹੋਰ ਨਗਰ ਨਿਗਮ ਲੁਧਿਆਣਾ ਨੇ ਟੈਂਡਰ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਸੀ, ਪਰ ਕੁਝ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਕੰਮ ਰੋਕ ਦਿੱਤਾ ਗਿਆ।
ਮੰਤਰੀ ਹਰਜੋਤ ਬੈਂਸ ਨੇ ਕੰਮ 2 ਮਹੀਨੇ ’ਚ ਪੂਰਾ ਹੋਣ ਦਾ ਦਿੱਤਾ ਸੀ ਭਰੋਸਾ: ਅਸ਼ੋਕ ਥਾਪਰ
ਅਸ਼ੋਕ ਥਾਪਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ਼ਹੀਦ ਸੁਖਦੇਵ ਦੇ ਬੁੱਤ ਨੂੰ ਗਵਾਹ ਮੰਨਦਿਆ 2 ਮਹੀਨਿਆਂ ’ਚ ਸੁੰਦਰੀਕਰਨ ਦੇ ਕੰਮ ਮੁਕੰਮਲ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਇਸਦਾ ਉਦਘਾਟਨ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੰਤਰੀ ਬੈਂਸ ਵਲੋਂ ਦਿੱਤੀ ਗਈ ਸਮਾਂ ਸੀਮਾ ਵੀ ਖ਼ਤਮ ਹੋ ਚੁੱਕੀ ਹੈ ਅਤੇ ਮੁੱਖ ਮੰਤਰੀ ਮਾਨ ਦੇ ਲੁਧਿਆਣਾ ’ਚ ਸੁਤੰਤਰਤਾ ਦਿਵਸ ਸਮਾਗਮ ਮੌਕੇ ਸ਼ੂਮਲੀਅਤ ਕਰਨ ਦੇ ਬਾਵਜੂਦ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਮਿੱਥਿਆ ਗਿਆ।