Punjab Weather Update: ਮੌਸਮ ਵਿਭਾਗ ਨੇ ਪੰਜਾਬ ਤੇ ਆਸਪਾਸ ਦੇ ਇਲਾਕਿਆਂ ਵਿੱਚ ਇਸ ਹਫ਼ਤੇ ਮੀਂਹ ਅਤੇ ਤੇਜ਼ ਹਵਾਵਾਂ ਦੀ ਪੇਸ਼ੀਨਗੋਈ ਕੀਤੀ ਹੈ। ਸੂਬੇ ਵਿੱਚ ਪੱਛਮੀ ਗੜਬੜੀ ਮੁੜ ਸਰਗਰਮ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
Trending Photos
Punjab Weather Update: ਪੰਜਾਬ ਵਿੱਚ ਅੱਤ ਦੀ ਪੈ ਰਹੀ ਗਰਮੀ ਦਰਮਿਆਨ ਮੌਸਮ ਦਾ ਮਿਜ਼ਾਜ ਮੁੜ ਬਦਲਣ ਜਾ ਰਿਹਾ ਹੈ। ਅੱਜ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਹਾਲਾਂਕਿ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਵੇਗਾ। ਉੱਤਰੀ ਪੱਛਮੀ ਭਾਰਤ ਵਿੱਚ ਪੱਛਮੀ ਗੜਬੜੀ ਕਾਰਨ ਅੱਜ ਤੋਂ ਮੌਸਮ ਬਦਲੇਗਾ ਤੇ ਦੋ ਦਿਨ ਬੱਦਲਵਾਈ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 12 ਤੇ 13 ਮਈ ਨੂੰ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਵੀਰਵਾਰ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੂੜ ਭਰੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ। ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਗਿਰਾਵਟ ਆਈ ਹੈ। ਦੋ ਦਿਨ ਪਹਿਲਾਂ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਸੀ ਪਰ ਇਸ ਸਮੇਂ ਤਾਪਮਾਨ 37.2 ਡਿਗਰੀ ਸੈਲਸੀਅਸ ਹੈ।
ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 2.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਤਾਪਮਾਨ ਆਮ ਨਾਲੋਂ 0.6 ਡਿਗਰੀ ਸੈਲਸੀਅਸ ਘੱਟ ਹੈ। ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ ਹੈ। ਘੱਟੋ-ਘੱਟ ਤਾਪਮਾਨ 25.7 ਡਿਗਰੀ ਸੈਲਸੀਅਸ ਹੈ। ਇਹ ਪਿਛਲੇ 24 ਘੰਟਿਆਂ ਵਿੱਚ 2.1 ਡਿਗਰੀ ਵੱਧ ਹੈ ਅਤੇ ਆਮ ਨਾਲੋਂ 1.2 ਡਿਗਰੀ ਸੈਲਸੀਅਸ ਵੱਧ ਹੈ।
ਇਸ ਤੋਂ ਇਲਾਵਾ ਜੰਮੂ, ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਤੇਜ਼ ਮੀਂਹ ਵੀ ਪੈ ਸਕਦਾ ਹੈ। ਮੌਸਮ ਸਬੰਧੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਸਕਾਈਮੇਟ ਵੇਦਰ ਦੇ ਮੁਤਾਬਕ ਅੱਜ ਯਾਨੀ 9 ਮਈ ਨੂੰ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਨੂੰ ਅੱਜ ਯਾਨੀ 9 ਮਈ ਨੂੰ ਵੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੰਗਲਵਾਰ ਨੂੰ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਵੀ ਅਸਮਾਨ ਤੋਂ ਅੱਗ ਹੀ ਵਰ੍ਹੇਗੀ ਤੇ ਤਾਪਮਾਨ 42 ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 10 ਮਈ ਤੱਕ ਦਿੱਲੀ ਵਾਸੀਆਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ, ਹਾਲਾਂਕਿ 11-12 ਮਈ ਨੂੰ ਦਿੱਲੀ-ਐਨਸੀਆਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ 1 ਮਾਰਚ ਤੋਂ ਹੁਣ ਤੱਕ 54.7 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਇਹ ਆਮ ਨਾਲੋਂ 44.7 ਫੀਸਦੀ ਜ਼ਿਆਦਾ ਹੈ। ਜੇ ਇਸ ਪੱਛਮੀ ਗੜਬੜ ਕਾਰਨ ਮੀਂਹ ਪੈਂਦਾ ਹੈ ਤਾਂ ਇਹ ਹੋਰ ਵਧ ਜਾਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਭਲਕੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹੇਗਾ। ਇਸ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੇਗੀ। 11 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ, 12 ਅਪ੍ਰੈਲ ਨੂੰ 34 ਡਿਗਰੀ ਸੈਲਸੀਅਸ ਤੇ 13 ਅਪ੍ਰੈਲ ਨੂੰ 33 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Lok Sabha Elections 2024: CM ਭਗਵੰਤ ਮਾਨ ਅੱਜ ਜਗਰਾਉਂ ਤੇ ਸ਼ਾਹਕੋਟ 'ਚ ਕਰਨਗੇ ਚੋਣ ਪ੍ਰਚਾਰ