Punjab News: ਪੰਜਾਬ ਦੀਆਂ 79 ਮੰਡੀਆਂ ਈ-ਨੈਮ ਪੋਰਟਲ ਨਾਲ ਜੁੜੀਆਂ ਹਨ। ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਸਾਨਾਂ ਵਿੱਚ ਈ-ਮਾਰਕੀਟਿੰਗ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
Trending Photos
Punjab News: ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਦੱਸਿਆ ਕਿ ਇਲੈਕਟ੍ਰਾਨਿਕ ਨੈਸ਼ਨਲ ਐਗਰੀਕਲਚਰ ਮਾਰਕਿਟ (ਈ-ਨਾਮ) ਦੇ ਪੋਰਟਲ ਨਾਲ ਜੁੜੀਆਂ ਪੰਜਾਬ ਦੀਆਂ 79 ਮੰਡੀਆਂ ਵਿੱਚ ਈ-ਟ੍ਰੇਡਿੰਗ ਰਾਹੀਂ 10,000 ਕਰੋੜ ਰੁਪਏ ਦੇ ਖੇਤੀ ਉਤਪਾਦਾਂ ਦਾ ਵਪਾਰ ਕੀਤਾ ਗਿਆ ਹੈ।
ਪੰਜਾਬ ਮੰਡੀ ਬੋਰਡ ਵੱਲੋਂ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਸਹਿਯੋਗ ਨਾਲ ਕਰਵਾਈ ਗਈ ‘ਟੂ ਵੈਂਚਰਜ਼ ਈ-ਨਾਮ ਪਲੇਟਫਾਰਮ ਆਫ ਪੰਜਾਬ’ ਸਿਰਲੇਖ ਵਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਤੱਕ 2,17,426 ਕਿਸਾਨਾਂ, 8,703 ਕਮਿਸ਼ਨ ਏਜੰਟਾਂ, ਅਤੇ 2,423 ਵਪਾਰੀਆਂ ਨੂੰ ਈ-ਨਾਮ ਪੋਰਟਲ 'ਤੇ ਰਜਿਸਟਰ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਆਲੂ, ਬਾਸਮਤੀ, ਮੱਕੀ, ਕਿੰਨੂ, ਮੂੰਗੀ ਦਾਲ, ਕਪਾਹ, ਹਰੇ ਮਟਰ, ਸ਼ਿਮਲਾ ਮਿਰਚ, ਤਰਬੂਜ, ਲੀਚੀ ਸਮੇਤ ਸੂਰਜਮੁਖੀ ਆਦਿ ਲਈ ਰਜਿਸਟਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਇਨ੍ਹਾਂ ਪ੍ਰਮੁੱਖ ਫ਼ਸਲਾਂ ਦੇ ਲਾਹੇਵੰਦ ਭਾਅ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸਿਰਫ਼ ਇਨ੍ਹਾਂ 11 ਵਸਤਾਂ ਦੇ ਈ-ਟ੍ਰੇਡਿੰਗ ਲਈ ਈ-ਨਾਮ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦ ਨਹੀਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Khanna News: ਨੈਸ਼ਨਲ ਹਾਈਵੇ 'ਤੇ ਬਾਈਕ ਦਾ ਟਾਇਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਨੌਜਵਾਨ ਦੀ ਮੌਤ
ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਸਾਨਾਂ ਵਿੱਚ ਈ-ਮਾਰਕੀਟਿੰਗ ਜਾਗਰੂਕਤਾ ਪੈਦਾ ਕਰਨ 'ਤੇ ਜ਼ੋਰ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨੋਟ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਿਸਾਨਾਂ ਨੂੰ ਈ-ਨਾਮ ਸਕੀਮ ਪ੍ਰਤੀ ਉਤਸ਼ਾਹਿਤ ਕਰਨ ਤੋਂ ਇਲਾਵਾ ਈ-ਨਾਮ ਪੋਰਟਲ ਅਤੇ ਸਿਖਲਾਈ ਨਾਲ ਸਬੰਧਤ ਨੂੰ ਮੋਬਾਈਲ ਐਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈ-ਮਾਰਕੀਟਿੰਗ ਕਿਸਾਨਾਂ ਨੂੰ ਦੇਸ਼ ਦੇ ਦੂਜੇ ਰਾਜਾਂ ਅਤੇ ਵਿਸ਼ਵ ਭਰ ਵਿੱਚ ਆਪਣੇ ਉਤਪਾਦ ਵੇਚਣ ਦੀ ਸਹੂਲਤ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਈ-ਮਾਰਕੀਟ 24x7 ਪਲੇਟਫਾਰਮ ਹੈ, ਇਸ ਲਈ ਕਿਸਾਨ ਆਪਣੀ ਉਪਜ ਨੂੰ ਕਿਸੇ ਵੀ ਸਮੇਂ ਅਤੇ ਜਦੋਂ ਵੀ ਵੇਚਣਾ ਚਾਹੁਣ ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਖਾਸ ਤੌਰ 'ਤੇ ਨੌਜਵਾਨ ਕਿਸਾਨਾਂ ਨੂੰ ਆਨਲਾਈਨ ਕਰਿਆਨੇ ਦੇ ਪੋਰਟਲ, ਸੋਸ਼ਲ ਮੀਡੀਆ ਸਾਈਟਾਂ 'ਤੇ ਉਪਲਬਧ ਮਾਰਕੀਟ ਪਲੇਸ ਵਿਕਲਪਾਂ ਦੀ ਪੜਚੋਲ ਕਰਨੀ ਚਾਹੀਦੀ ਹੈ ਅਤੇ ਖੇਤੀਬਾੜੀ ਨੂੰ ਵਧੇਰੇ ਲਾਹੇਵੰਦ ਧੰਦਾ ਬਣਾਉਣ ਲਈ ਆਪਣੇ ਖੁਦ ਦੇ ਵੈਬ ਪੋਰਟਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਖਪਤਕਾਰਾਂ ਨੂੰ ਸਿੱਧੇ ਤੌਰ 'ਤੇ ਵੇਚ ਸਕਣ। ਇਸ ਮੰਤਵ ਲਈ ਈ-ਨਾਮ ਪੋਰਟਲ ਕਿਸਾਨਾਂ ਲਈ ਲਾਹੇਵੰਦ ਹੋਵੇਗਾ।
ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਸਰਤ ਨੇ ਕਿਹਾ ਕਿ ਮੰਡੀ ਬੋਰਡ ਨੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਬੁਨਿਆਦੀ ਢਾਂਚੇ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਹਨ। ਕਿਸਾਨ ਭਵਨ ਦੀ ਉਦਾਹਰਣ ਦਿੰਦੇ ਹੋਏ, ਜਿਸ ਨੇ ਹਾਲ ਹੀ ਵਿੱਚ ਆਪਣੀ ਆਮਦਨ ਵਿੱਚ ਤਿੰਨ ਗੁਣਾ ਵਾਧਾ ਕੀਤਾ ਹੈ, ਉਨ੍ਹਾਂ ਕਿਹਾ ਕਿ ਬੋਰਡ ਮਾਲੀਏ ਦੇ ਨਵੇਂ ਸਰੋਤ ਪੈਦਾ ਕਰਨ ਲਈ ਵੀ ਕੰਮ ਕਰ ਰਿਹਾ ਹੈ।
ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਸਾਲ ਦੇ ਅੰਤ ਤੱਕ 15 ਹੋਰ ਮੰਡੀਆਂ ਨੂੰ ਈ-ਨਾਮ ਪੋਰਟਲ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਡਾ: ਜੇ.ਐਸ. ਯਾਦਵ, ਐਮ.ਡੀ. ਕੋਸੰਬ, ਨਵੀਂ ਦਿੱਲੀ ਅਤੇ ਸ਼੍ਰੀ ਦੁਸ਼ਯੰਤ ਤਿਆਗੀ, ਸੀ.ਈ.ਓ. ਫਾਰਮਗੇਟ ਟੈਕਨਾਲੋਜੀ (ਨਾਗਾਰਜੁਨ ਗਰੁੱਪ) ਨੇ ਆਪਣੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਤਜ਼ਰਬੇ ਸਾਂਝੇ ਕੀਤੇ।
ਇਹ ਵੀ ਪੜ੍ਹੋ: Punjab News: ਬੱਸ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਹੈ ਇਹ ਕਦਮ