Amritsar News: ਅੰਮ੍ਰਿਤਸਰ ਵਿੱਚ ਵਕੀਲ ਉਪਰ ਹੋਏ ਹਮਲੇ ਦੋ ਰੋਸ ਵਜੋਂ ਵਕੀਲਾਂ ਨੇ ਅੱਜ ਪੰਜਾਬ ਬੰਦ ਵਿੱਚ ਹੜਤਾਲ ਦੀ ਕਾਲ ਦਿੱਤੀ ਹੈ।
Trending Photos
Amritsar News: ਅੰਮ੍ਰਿਤਸਰ ਵਿੱਚ ਵਕੀਲ ਉਪਰ ਹੋਏ ਹਮਲੇ ਦੋ ਰੋਸ ਵਜੋਂ ਵਕੀਲਾਂ ਨੇ ਅੱਜ ਪੰਜਾਬ ਬੰਦ ਵਿੱਚ ਹੜਤਾਲ ਦੀ ਕਾਲ ਦਿੱਤੀ ਹੈ। ਇੱਕ ਵਕੀਲ ਦੇ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਉਤੇ ਅੰਮ੍ਰਿਤਸਰ ਵਿੱਚ ਵਕੀਲਾਂ ਨੇ ਹੜਤਾਲ ਕਰਕੇ ਮੇਨ ਕਚਹਿਰੀ ਰੋਡ ਉਤੇ ਜਾਮ ਲਗਾ ਦਿੱਤਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੈਣੀ ਨੇ ਦੱਸਿਆ ਕਿ ਪੁਲਿਸ ਦੀ ਬਹੁਤ ਢਿੱਲੀ ਕਾਰਵਾਈ ਹੈ।
ਉਨ੍ਹਾਂ ਨੇ ਦੱਸਿਆ ਕਿ ਇੱਕ ਵਕੀਲ ਤੇ ਉਸਦੇ ਭਰਾ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਚਾਰ ਜਣਿਆਂ ਦੇ ਉੱਪਰ ਮੁਕੱਦਮਾ ਦਰਜ ਹੋਇਆ ਅਤੇ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਿਹੜਾ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਉਸ ਨੂੰ ਵੀ ਛੱਡ ਦਿੱਤਾ ਗਿਆ ਹੈ ਜਿਸ ਦੇ ਰੋਸ ਵਜੋਂ ਅੱਜ ਇਹ ਹੜਤਾਲ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਬਹੁਤ ਢਿੱਲੀ ਕਾਰਵਾਈ ਕਰਦੀ ਹੈ ਤੇ ਜਾਣਬੁੱਝ ਕੇ ਪੁਸ਼ਤ ਪਨਾਹੀ ਕਰਦੀ ਹੈ।
ਇਸ ਲਈ ਪੂਰੇ ਪੰਜਾਬ ਭਰ ਵਿੱਚ ਅੱਜ ਹੜਤਾਲ ਦੀ ਕਾਲ ਦਿੱਤੀ ਗਈ ਹੈ। ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਕਚਹਿਰੀਆਂ ਵਿੱਚ ਕੋਈ ਵੀ ਕੰਮਕਾਰ ਨਹੀਂ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦਾ ਕਚਹਿਰੀ ਰੋਡ ਵਕੀਲਾਂ ਵੱਲੋਂ ਜਾਮ ਕਰ ਦਿੱਤਾ ਗਿਆ ਤੇ ਸੜਕ ਉਤੇ ਬੈਠ ਕੇ ਪੁਲਿਸ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੁਲਿਸ ਦੇ ਕਈ ਉੱਚ ਅਧਿਕਾਰੀ ਵੀ ਮੌਕੇ ਉਤੇ ਪਹੁੰਚੇ ਤੇ ਵਕੀਲਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਦੂਜੇ ਲੁਧਿਆਣਾ ਵਿੱਚ ਵਕੀਲਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਚੇਤਨ ਵਰਮਾ ਅਤੇ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਵਿੱਚ ਦੋ ਵਕੀਲਾਂ ਹਿਮਾਂਸ਼ੂ ਅਰੋੜਾ ਤੇ ਗੌਰਵ ਅਰੋੜਾ ਦੇ ਘਰ ਦੇ ਬਾਹਰ ਹੋਏ ਹਮਲੇ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਬਾਰ ਐਸੋਸੀਏਸ਼ਨ ਨੇ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।
ਕਾਰਜਕਾਰਨੀ ਕਮੇਟੀ ਨੇ ਆਪਣੇ ਮਤੇ ਵਿੱਚ ਕਿਹਾ ਕਿ ਬਾਰ ਐਸੋਸੀਏਸ਼ਨ ਲੁਧਿਆਣਾ ਕਾਨੂੰਨੀ ਭਾਈਚਾਰੇ ਨਾਲ ਇਕਮੁੱਠ ਹੈ ਅਤੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰਦੀ ਹੈ। ਬਾਰ ਐਸੋਸੀਏਸ਼ਨ ਨੇ ਸਾਰੇ ਨਿਆਂਇਕ ਅਤੇ ਮਾਲ ਅਥਾਰਟੀ ਨੂੰ ਬੇਨਤੀ ਕੀਤੀ ਹੈ ਕਿ ਉਹ ਵਿਰੋਧੀ ਹੁਕਮਾਂ ਨੂੰ ਪਾਸ ਕਰਨ ਤੋਂ ਬਚਣ ਅਤੇ ਧਰਨੇ ਵਾਲੇ ਦਿਨ ਪੇਸ਼ ਨਾ ਹੋਣ ਦੇ ਮਾਮਲਿਆਂ ਵਿੱਚ ਕੇਸਾਂ ਨੂੰ ਮੁਲਤਵੀ ਕਰਨ। ਲੁਧਿਆਣਾ ਦਾ ਸਮੁੱਚਾ ਵਕੀਲ ਭਾਈਚਾਰਾ ਵਕੀਲਾਂ ਦੇ ਹਿੱਤਾਂ ਲਈ ਇਕਜੁੱਟ ਹੈ।