Kiratpur Sahib News: ਕੀਰਤਪੁਰ ਸਾਹਿਬ ਟਰੱਕ ਆਪ੍ਰੇਟਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਅੱਜ ਸੁਸਾਇਟੀ ਦੇ ਏਰੀਏ ਵਿੱਚ ਕੱਢੇ ਰੋਸ ਮਾਰਚ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।
Trending Photos
Kiratpur Sahib News: ਕੀਰਤਪੁਰ ਸਾਹਿਬ ਟਰੱਕ ਆਪ੍ਰੇਟਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਅੱਜ ਸੁਸਾਇਟੀ ਦੇ ਏਰੀਏ ਵਿੱਚ ਕੱਢੇ ਰੋਸ ਮਾਰਚ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਰੋਸ ਮਾਰਚ ਵਿੱਚ ਜਿੱਥੇ 400 ਦੇ ਕਰੀਬ ਕਾਰਾਂ ਸ਼ਾਮਿਲ ਹੋਈਆਂ ਉੱਥੇ ਹੀ 100 ਦੇ ਕਰੀਬ ਵੱਡੇ ਟਰੱਕ ਵੀ ਇਸ ਮਾਰਚ ਦੇ ਵਿੱਚ ਸ਼ਾਮਿਲ ਸਨ।
ਉਕਤ ਕੱਢੇ ਗਏ ਮਾਰਚ ਨੂੰ ਲੈ ਕੇ ਲੋਕਾਂ ਵਿੱਚ ਇਹ ਚਰਚਾ ਸੀ ਕਿ ਅਜਿਹਾ ਮਾਰਚ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਦਾ ਨਹੀਂ ਹੋਵੇਗਾ ਉਕਤ ਮਾਰਚ ਵਿੱਚ ਵਾਹਨਾਂ ਦੀ ਗਿਣਤੀ ਇੰਨੀ ਸੀ ਕਿ ਚਾਰ ਕਿਲੋਮੀਟਰ ਤੱਕ ਉਕਤ ਮਾਰਚ ਕੱਢਣ ਵਾਲੇ ਆਪ੍ਰੇਟਰਾਂ ਦੇ ਟਰੱਕ ਤੇ ਕਾਰਾਂ ਦੇ ਲਾਈਨ ਸੀ।
ਇਸ ਮੌਕੇ ਸੁਸਾਇਟੀ ਦੇ ਆਪ੍ਰੇਟਰਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਅੱਜ ਦੇ ਮਾਰਚ ਤੋਂ ਬਾਅਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਤਾਂ ਉਹ ਹਫ਼ਤੇ ਵਿੱਚ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫ਼ਤਰ ਵਿੱਚ ਆਪਣੇ ਸਾਰੇ ਟਰੱਕ ਲਿਜਾ ਉਕਤ ਟਰੱਕਾਂ ਦੇ ਕਾਗਜ਼ਾਤ ਅਤੇ ਇਨ੍ਹਾਂ ਦੀਆਂ ਚਾਬੀਆਂ ਉਨ੍ਹਾਂ ਨੂੰ ਸੰਭਾਲ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਫਿਰ ਇਨ੍ਹਾਂ ਟਰੱਕਾਂ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਰੂਪਨਗਰ ਦੀ ਹੋਵੇਗੀ। ਆਪ੍ਰੇਟਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਟਰੱਕ ਖੜ੍ਹੇ ਕਰਨ ਵਾਸਤੇ ਜਗ੍ਹਾ ਨਹੀਂ ਹੈ ਤਾਂ ਉਹ ਸਾਨੂੰ ਇਹ ਦੱਸ ਦੇਣ ਅਸੀਂ ਟਰੱਕ ਸੜਕਾਂ ਉੱਤੇ ਖੜ੍ਹੇ ਕਰ ਦੇਵਾਂਗੇ। ਇਸ ਤੋਂ ਬਾਅਦ ਇਨ੍ਹਾਂ ਟਰੱਕਾਂ ਦੀਆਂ ਕਿਸ਼ਤਾਂ ਤੇ ਕਾਗਜ਼ਾਤਾਂ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਰੂਪਨਗਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਸਰਕਾਰ ਦੀ ਹੋਵੇਗੀ।
ਦੱਸ ਦੇਈਏ ਕਿ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਟਰੱਕ ਆਪ੍ਰੇਟਰਾਂ ਵੱਲੋਂ ਕੰਮ ਨੂੰ ਲੈ ਕੇ ਪਿਛਲੇ ਕਰੀਬ ਚਾਰ ਮਹੀਨੇ ਤੋਂ ਸੰਘਰਸ਼ ਕੀਤਾ ਜਾ ਰਿਹਾ ਤੇ ਉਕਤ ਟਰੱਕ ਆਪ੍ਰੇਟਰ ਪਿਛਲੇ ਇੱਕ ਮਹੀਨੇ ਤੋਂ ਪਿੰਡ ਮੋੜਾ ਵਿੱਚ ਪੱਕਾ ਧਰਨਾ ਲਾ ਕੇ ਬੈਠੇ ਹੋਏ ਹਨ ਜਿਸ ਦਾ ਕੋਈ ਵੀ ਹੱਲ ਨਾ ਨਿਕਲਦੇ ਦੇਖ ਅੱਜ ਰੋਸ ਮਾਰਚ ਕੱਢਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਉਹ ਵਾਰ-ਵਾਰ ਅਪੀਲਾਂ ਕਰਕੇ ਅੱਕ ਚੁੱਕੇ ਹਨ, ਹੁਣ ਉਹ ਇੱਕ ਪਾਸੇ ਦੀ ਲੜਾਈ ਲੜਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਤਾਂ ਉਨ੍ਹਾਂ ਦੇ ਹੱਕ ਨੂੰ ਲੁੱਟਣ ਤੋਂ ਬਚਾ ਸਕਦੇ ਹਨ ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਤੇ ਸਰਕਾਰ ਹਿਮਾਚਲ ਪ੍ਰਦੇਸ਼ ਦੇ ਟਰੱਕ ਆਪ੍ਰੇਟਰਾਂ ਦੇ ਹੱਕ ਵਿੱਚ ਕਿਉਂ ਭੁਗਤ ਰਿਹਾ ਹੈ।
ਇਸ ਮੌਕੇ ਆਪ੍ਰੇਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਸੁਸਾਇਟੀ ਦੇ ਏਰੀਏ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਟਰੱਕ ਓਵਰਲੋਡ ਮਾਲ ਭਰ ਕੇ ਜਾ ਰਹੇ ਹਨ ਜਿਸ ਵੱਲ ਨਾ ਤਾਂ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਟਰਾਂਸਪੋਰਟ ਵਿਭਾਗ ਰੂਪਨਗਰ।
ਇਸ ਮੌਕੇ ਟਰੱਕ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਵੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਬੀਤੇ ਦਿਨ ਜਦੋਂ ਉਨ੍ਹਾਂ ਦੀ ਮੀਟਿੰਗ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਸੀ ਤਾਂ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਐਸਐਸਪੀ ਡੀਐਸਪੀ ਅਨੰਦਪੁਰ ਸਾਹਿਬ ਤੇ ਡੀਟੀਓ ਰੂਪਨਗਰ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਹਿਮਾਚਲ ਦੇ ਓਵਰਲੋਡ ਜਾਂਦੇ ਟਰੱਕਾਂ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਮੰਤਰੀ ਸਾਹਿਬ ਦੇ ਕਹਿਣ ਦੇ ਬਾਵਜੂਦ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਵੱਲੋਂ ਓਵਰਲੋਡ ਚੱਲਦੇ ਉਕਤ ਟਰੱਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਦਾ ਹੱਕ ਉਨ੍ਹਾਂ ਨੂੰ ਦਿਵਾਉਣ ਲਈ ਕੋਈ ਢੁਕਵੀਂ ਕਾਰਵਾਈ ਕੀਤੀ, ਜਿਸ ਕਰਕੇ ਹੁਣ ਉਹ ਮਜਬੂਰਨ ਤੌਰ ਤਿੱਖੇ ਸੰਘਰਸ਼ ਦੀਆਂ ਪੈੜਾਂ ਉਤੇ ਚੱਲਣ ਲਈ ਮਜਬੂਰ ਹੋਏ ਹਨ।
ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ
ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ