Jalandhar News: ਥਾਣਾ ਨੂਰਮਹਿਲ ਅਧੀਨ ਪੈਂਦੇ ਉੱਪਲ ਖਾਲਸਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਅੰਬਾ ਖਿਲਾਫ 15 ਅਪਰਾਧਿਕ ਮਾਮਲੇ ਦਰਜ ਸਨ।
Trending Photos
Jalandhar News: ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਨਸ਼ਾ ਤਸਕਰੀ, ਹਥਿਆਰਬੰਦ ਡਕੈਤੀ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਘਿਨਾਉਣੇ ਮਾਮਲਿਆਂ ਵਿੱਚ ਸ਼ਾਮਲ ਇੱਕ ਬਦਨਾਮ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਬਾ ਨੂੰ ਕਾਬੂ ਕੀਤਾ ਹੈ।
ਦੋਸ਼ੀ ਨੂੰ ਐਨਡੀਪੀਐਸ ਐਕਟ ਦੇ ਕੇਸ ਤਹਿਤ ਫਿਲੌਰ ਵਿੱਚ ਸਪੈਸ਼ਲ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਅਪ੍ਰੇਸ਼ਨ ਦੀ ਅਗਵਾਈ ਇੰਸਪੈਕਟਰ ਸੰਜੀਵ ਕਪੂਰ, ਐਸਐਚਓ ਫਿਲੌਰ ਅਤੇ ਡੀਐਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਕੀਤੀ, ਜਿਨਾ ਨੇ ਇਹ ਕਾਰਵਾਈ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਖਤਮ ਕਰਨ ਲਈ ਜ਼ਿਲ੍ਹਾ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪਿਛਲੇ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਪਛਾਣ ਅਤੇ ਟਿਕਾਣਾ ਬਦਲ ਕੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਰਾਸ-ਫਾਇਰਿੰਗ ਦੀਆਂ ਘਟਨਾਵਾਂ ਅਤੇ ਹੋਰ ਹਿੰਸਕ ਅਪਰਾਧਾਂ ਵਿੱਚ ਉਸਦੀ ਸ਼ਮੂਲੀਅਤ ਨੇ ਜਨਤਕ ਸੁਰੱਖਿਆ ਲਈ ਇੱਕ ਗੰਭੀਰ ਖਤਰਾ ਪੈਦਾ ਕੀਤਾ ਹੋਇਆ ਸੀ।
ਥਾਣਾ ਨੂਰਮਹਿਲ ਅਧੀਨ ਪੈਂਦੇ ਉੱਪਲ ਖਾਲਸਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਅੰਬਾ ਖਿਲਾਫ 15 ਅਪਰਾਧਿਕ ਮਾਮਲੇ ਦਰਜ ਸਨ। ਇਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋ ਕੇਸ, ਹਥਿਆਰਬੰਦ ਡਕੈਤੀ ਦਾ ਇੱਕ ਕੇਸ, ਅਪਰਾਧਿਕ ਸਾਜ਼ਿਸ਼ ਅਤੇ ਡਕੈਤੀ ਦੀ ਤਿਆਰੀ ਦੇ ਦੋ ਕੇਸ, ਚੋਰੀ ਦੇ ਦੋ ਕੇਸ, ਐਨਡੀਪੀਐਸ ਐਕਟ ਤਹਿਤ ਨਸ਼ਾ ਤਸਕਰੀ ਦਾ ਇੱਕ ਕੇਸ, ਜਾਅਲੀ ਕਰੰਸੀ ਦਾ ਇੱਕ ਕੇਸ ਅਤੇ ਜੇਲ੍ਹ ਐਕਟ ਤਹਿਤ ਇੱਕ ਕੇਸ ਸ਼ਾਮਲ ਹੈ। ਉਸ ਨੂੰ ਪੰਜ ਕੇਸਾਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਵਿੱਚ ਫਿਲੌਰ ਥਾਣੇ ਵਿੱਚ 2017 ਦਾ ਐਨਡੀਪੀਐਸ ਐਕਟ ਦਾ ਕੇਸ, ਨੂਰਮਹਿਲ ਪੁਲੀਸ ਸਟੇਸ਼ਨ ਵਿੱਚ ਕਰਾਸ ਫਾਇਰਿੰਗ ਦਾ ਕੇਸ ਅਤੇ ਹਥਿਆਰਬੰਦ ਡਕੈਤੀ ਅਤੇ ਚੋਰੀ ਦੇ ਹੋਰ ਗੰਭੀਰ ਅਪਰਾਧ ਸ਼ਾਮਲ ਹਨ।
ਐਸਐਸਪੀ ਖੱਖ ਨੇ ਕਿਹਾ, “ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਜ਼ਿਲ੍ਹੇ ਵਿੱਚ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਖਤਮ ਕਰਨ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।
ਮੁਲਜ਼ਮ ਪੁਲਿਸ ਰਿਮਾਂਡ ‘ਤੇ ਹੈ ਅਤੇ ਉਸਦੇ ਸਾਥੀਆਂ ਦਾ ਪਰਦਾਫਾਸ਼ ਕਰਨ ਅਤੇ ਉਸਦੇ ਨਾਲ ਜੁੜੇ ਵਿਆਪਕ ਅਪਰਾਧਿਕ ਨੈਟਵਰਕ ਨੂੰ ਖਤਮ ਕਰਨ ਲਈ ਪੁੱਛਗਿੱਛ ਜਾਰੀ ਹੈ।
ਐਸ.ਐਸ.ਪੀ.ਖੱਖ ਨੇ ਚੇਤਾਵਨੀ ਦਿੱਤੀ ਕਿ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ, ਉਨ੍ਹਾਂ ਦੁਹਰਾਇਆ ਕਿ ਅਪਰਾਧ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਕਾਨੂੰਨ ਤੋਂ ਬਚ ਨਹੀਂ ਸਕਦਾ।