ਭਾਜਪਾ ਨੇ ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵਲੋਂ ਸਦਨ ਦੇ ਬਾਹਰ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਕੀਤੀ ਟਿੱਪਣੀ ਨੂੰ ਕਬਾਇਲੀ ਤੇ ਗਰੀਬ ਵਿਰੋਧੀ ਕਰਾਰ ਦਿੱਤਾ।
Trending Photos
ਚੰਡੀਗੜ੍ਹ: ਭਾਜਪਾ ਨੇ ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵਲੋਂ ਸਦਨ ਦੇ ਬਾਹਰ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਕੀਤੀ ਟਿੱਪਣੀ ਨੂੰ ਕਬਾਇਲੀ ਤੇ ਗਰੀਬ ਵਿਰੋਧੀ ਕਰਾਰ ਦਿੱਤਾ। ਸਵੇਰੇ 11 ਵਜੇ ਜਦੋਂ ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਮੁੱਦਾ ਉਠਾਉਂਦਿਆਂ ਕਿਹਾ ਕਿ ਸਦਨ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਦੇਸ਼ ਦੀ ਪਹਿਲੀ ਮਹਿਲਾ ਕਬਾਇਲੀ ਪ੍ਰਧਾਨ ਦਰੋਪਦੀ ਮੁਰਮੂ ਨੂੰ ‘ਰਾਸ਼ਟਰੀ ਪਤਨੀ’ (Rashtrapatni) ਕਹਿ ਕੇ ਅਪਮਾਨਿਤ ਕੀਤਾ ਹੈ।
ਮੈਨੂੰ ਗਲਤੀ ਲਈ ਸੂਲ਼ੀ ’ਤੇ ਲਟਕਾ ਦਿਓ: ਅਧੀਰ ਰੰਜਨ
ਉੱਧਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅਪਮਾਨ ਨਹੀਂ ਕੀਤਾ। ਮੇਰੇ ਮੂੰਹ ਵਿਚੋਂ ਗਲਤੀ ਨਾਲ ‘ਰਾਸ਼ਟਰਪਤਨੀ’ ਸ਼ਬਦ ਨਿਕਲ ਗਿਆ। ਜੇ ਮੇਰੇ ਕੋਲੋਂ ਗਲਤੀ ਹੋਈ ਹੈ ਤਾਂ ਮੈਂ ਉਸਦੇ ਲਈ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਸ ਗਲਤੀ ਲਈ ਜੇਕਰ ਮੈਨੂੰ ਫਾਂਸੀ ’ਤੇ ਲਟਕਾਉਣਾ ਹੈ ਤਾਂ ਲਟਕਾ ਦਿਓ। ਦੱਸ ਦੇਈਏ ਕਿ ਕਾਂਗਰਸੀ ਆਗੂ ਅਧੀਰ ਰੰਜਨ ਨੇ ਇਕ ਨਿੱਜੀ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਰਾਸ਼ਟਰਪਤੀ ਮੁਰਮੂ ਦੇ ਲਈ 'ਰਾਸ਼ਟਰਪਤਨੀ' ਸ਼ਬਦ ਦਾ ਇਸਤੇਮਾਲ ਕੀਤਾ ਸੀ।
ਕਾਂਗਰਸ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ: ਸਮ੍ਰਿਤੀ ਇਰਾਨੀ
ਕਾਂਗਰਸੀ ਆਗੂ ਅਧੀਰ ਰੰਜਨ ਦੁਆਰਾ ਮੁਆਫ਼ੀ ਮੰਗ ਲਏ ਜਾਣ ਤੋਂ ਬਾਅਦ ਵੀ ਮੁੱਦਾ ਭੱਖਿਆ ਰਿਹਾ। ਸੰਸਦ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸ੍ਰਮਿਤੀ ਈਰਾਨੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਸ ਦੇ ਲਈ ਕਾਂਗਰਸ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਹੰਗਾਮੇ ਨੂੰ ਦੇਖਦਿਆਂ ਸੰਸਦ ਦੀ ਕਾਰਵਾਈ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ।