Harsimrat Kaur Badal: ਬਾਦਲ ਨੇ ਜ਼ੋਰਦਾਰ ਅਪੀਲ ਕੀਤੀ ਕਿ ਏਮਜ਼ ਬਠਿੰਡਾ ਵਿਖੇ ਪੈਟ ਸਕੈਨ ਮਸ਼ੀਨ ਸਥਾਪਿਤ ਕੀਤੀ ਜਾਵੇ ਅਤੇ ਕਿਹਾ ਕਿ ਪੰਜਾਬ ਵਿਚ ਹਰ ਸਾਲ ਕੈਂਸਰ ਮਰੀਜ਼ਾਂ ਦੀ ਗਿਣਤੀ 60 ਫੀਸਦੀ ਵੱਧ ਰਹੀ ਹੈ ਤੇ ਮਹਿਲਾਵਾਂ ਨੂੰ ਕੈਂਸਰ ਹੋਣ ਦੀ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ।
Trending Photos
Harsimrat Kaur Badal(ਨਕੁਲ ਅਰੋੜਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਏਮਜ਼ ਬਠਿੰਡਾ ਵਿਖੇ 300 ਬੈਡ ਦਾ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਮਾਨਸਾ ਵਿਚ ਸੰਸਥਾ ਦਾ ਸੈਂਟਰ ਖੋਲ੍ਹਿਆ ਜਾਵੇ ਤੇ ਫਿਰੋਜ਼ਪੁਰ ਵਿਚ ਪੀ ਜੀ ਆਈ ਐਮ ਈ ਆਰ ਸੈਟੇਲਾਈਟ ਸੈਂਟਰ ਤੇਜ਼ ਰਫਤਾਰ ਨਾਲ ਮੁਕੰਮਲ ਕੀਤਾ ਜਾਵੇ।
ਇਕ ਵਿਸਥਾਰਿਤ ਭਾਸ਼ਣ ਵਿਚ ਹਰਸਿਮਰਤ ਕੌਰ ਬਾਦਲ ਨੇ ਸੰਸਦ ਨੂੰ ਦੱਸਿਆ ਕਿ ਇਹ ਇਕ ਤੱਥ ਹੈ ਕਿ ਰੋਜ਼ਾਨਾ 2500 ਮਰੀਜ਼ ਏਮਜ਼ ਬਠਿੰਡਾ ਵਿਚ ਪਹੁੰਚਦੇ ਹਨ ਕਿਉਂਕਿ ਇਹ ਦੋ ਨੈਸ਼ਨਲ ਹਾਈਵੇ ’ਤੇ ਸਥਿਤ ਹੈ ਜਿਥੇ ਰੋਜ਼ਾਨਾ ਅਨੇਕਾਂ ਸੜਕ ਹਾਦਸੇ ਹੁੰਦੇ ਹਨ ਜਦੋਂ ਕਿ ਸੰਸਥਾ ਦੇ ਐਮਰਜੰਸੀ ਵਾਰਡ ਵਿਚ ਸਿਰਫ 28 ਬੈਡ ਹਨ। ਉਹਨਾਂ ਕਿਹਾ ਕਿ ਮੈਂ ਪਿਛਲੇ 3 ਸਾਲਾਂ ਤੋਂ 300 ਬੈਡਾਂ ਦਾ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਮੰਗ ਕਰਦੀ ਆ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਇਸ ਅਹਿਮ ਕੰਮ ਵਾਸਤੇ ਫੰਡ ਕਿਉਂ ਨਹੀਂ ਦੇ ਰਹੇ ਜਦੋਂ ਕਿ ਹਜ਼ਾਰਾਂ ਕਰੋੜ ਰੁਪਏ ਬੁੱਤਾਂ ਅਤੇ ਬੁਲੇਟ ਟਰੇਨ ਵਰਗੇ ਪ੍ਰਾਜੈਕਟਾਂ ’ਤੇ ਖਰਚ ਕੀਤੇ ਜਾ ਰਹੇ ਹਨ।
ਹਰਸਿਮਰਤ ਬਾਦਲ ਨੇ ਸੰਸਦ ਨੂੰ ਇਹ ਵੀ ਦੱਸਿਆ ਕਿ ਏਮਜ਼ ਬਠਿੰਡਾ ਵਿਚ ਕਿਡਨੀ ਟਰਾਂਸਪਲਾਂਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਸੰਸਥਾ ਵਿਚ ਸਟੇਟ ਆਰਗਨ ਟਰਾਂਸਪਲਾਂਟ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ (ਐਸ ਓ ਟੀ ਟੀ ਓ) ਸਥਾਪਿਤ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਆਪਣੇ ਹਲਕੇ ਵਾਸਤੇ ਹਾਈ ਐਂਡ ਆਈ ਸੀ ਯੂ ਵੈਂਟੀਲੇਟਰਾਂ ਦੀ ਵੀ ਮੰਗ ਕੀਤੀ ਤੇ ਕਿਹਾ ਕਿ ਮੌਤ ਦਰ ਵਿਚ ਕਮੀ ਲਿਆਉਣ ਵਾਸਤੇ ਇਹਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ।
ਉਹਨਾਂ ਨੇ ਸੰਸਥਾ ਵਿਚ ਸਟਾਫ ਦੀ ਗਿਣਤੀ ਵਧਾਉਣ ਅਤੇ ਡਾਕਟਰਾਂ ਲਈ ਸਟਾਫ ਕੁਆਰਟਰਾਂ ਤੇ ਹੋਸਟਲ ਦੀ ਗਿਣਤੀ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਹਰਸਿਮਰਤ ਬਾਦਲ ਨੇ ਕਿਹਾ ਕਿ ਸਿਹਤ ਸੇਵਾਵਾ ਵਿਚ ਵਿਸਥਾਰ ਦੀ ਬਹੁਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ ਪਰ ਅਸਲੀਅਤ ਇਹ ਹੈ ਕਿ ਸਿਹਤ ਖੇਤਰ ਵਾਸਤੇ ਫੰਡਾਂ ਦੀਵੰਡ ਵਿਚ ਲੋੜ ਮੁਤਾਬਕ ਵਾਧਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮਾਨਸਾ ਵਿਚ ਏਮਜ਼ ਬਠਿੰਡਾ ਦਾ ਸੈਂਟਰ ਸਥਾਪਿਤ ਕਰਨ ਦੀ ਫੌਰੀ ਬਹੁਤ ਲੋੜ ਹੈ ਅਤੇ ਅਜਿਹਾ ਤੁਰੰਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਫਿਰੋਜ਼ਪੁਰ ਵਿਖੇ ਪੀ ਜੀ ਆਈ ਐਮ ਈ ਆਰ ਸੈਟੇਲਾਈਟ ਸੈਂਟਰ ਸਥਾਪਿਤ ਕਰਨ ਵਿਚ ਬੇਲੋੜੀ ਦੇਰੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਕੇ ਤੇਜ਼ ਰਫਤਾਰ ਨਾਲ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ।
ਬਠਿੰਡਾ ਦੇ ਐਮ ਪੀ ਨੇ ਸਿਹਤ ਸਕੀਮਾਂ ਦਾ ਨਾਂ ਰੱਖਣ ਦੇ ਮਾਮਲੇ ’ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ ਚਲ ਰਹੇ ਟਕਰਾਅ ਦਾ ਵੀ ਵਿਸਥਾਰ ਨਾਲ ਵਰਣਨ ਕੀਤਾ। ਉਹਨਾਂ ਕਿਹਾ ਕਿ ਇਸ ਟਕਰਾਅ ਨਾਲ ਸੂਬੇ ਲਈ ਫੰਡ ਰੋਕਣ ਵਿਚ ਬਹੁਤ ਦੇਰੀ ਹੋ ਰਹੀ ਹੈ ਤੇ ਇਸ ਕਾਰਣ ਲੋਕਾਂ ਨੂੰ ਮੁਸੀਬਤਾਂ ਵਿਚ ਨਹੀਂ ਪਾਉਣਾ ਚਾਹੀਦਾ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਵੱਲੋਂ ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਨਾਲ ਸਿਹਤ ਪ੍ਰਣਾਲੀ ਤਹਿਸ ਨਹਿਸ ਹੋ ਗਈ ਹੈ ਤੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ।