Ropar News: ਸਮੂਹਿਕ ਜਬਰ ਜਨਾਹ ਮਗਰੋਂ ਪੀੜਤ ਲੜਕੀ ਨੇ ਸ਼ਰਮ ਕਾਰਨ ਖੁਦਕੁਸ਼ੀ ਕਰ ਲਈ ਹੈ।
Trending Photos
Ropar News: ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਵਿੱਚ ਸਮੂਹਿਕ ਜਬਰ ਜਨਾਹ ਪੀੜਤ ਲੜਕੀ ਨੇ ਸ਼ਰਮ ਅਤੇ ਇਨਸਾਫ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ ਹੈ। ਸਮੂਹਿਕ ਜਬਰ ਜਨਾਹ ਦੇ ਮੁਲਜ਼ਮਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੂਜਾ ਦੋਸ਼ੀ ਹਾਲੇ ਤੱਕ ਫ਼ਰਾਰ ਚੱਲ ਰਿਹੈ ਹੈ।
ਲੜਕੀ ਆਪਣੇ 14 ਸਾਲਾਂ ਭਰਾ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਨੂੰ ਵਾਪਸ ਆ ਰਹੀ ਸੀ। ਰਸਤੇ ਵਿੱਚ ਦੋ ਮੁਲਜ਼ਮਾਂ ਨੇ ਰੋਕ ਕੇ ਪਹਿਲਾਂ ਭੈਣ-ਭਰਾ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਲੜਕੀ ਨਾਲ ਜਬਰ ਜਨਾਹ ਕੀਤਾ।
ਜਾਣਕਾਰੀ ਮੁਤਾਬਕ ਲੜਕੀ ਆਪਣੇ 14 ਸਾਲਾ ਭਰਾ ਨਾਲ ਆਪਣੀ ਨਾਨੀ ਕੋਲ ਰਹਿੰਦੀ ਸੀ। ਉਸਦਾ ਭਰਾ ਪਿੰਡ ਦੇ ਸਰਪੰਚ ਦੇ ਘਰ ਪਸ਼ੂਆਂ ਦੀ ਦੇਖਭਾਲ ਦਾ ਕੰਮ ਕਰਦਾ ਹੈ। ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨਿੱਚਰਵਾਰ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੀ ਭੈਣ ਨਾਲ ਘਰ ਪਰਤ ਰਿਹਾ ਸੀ ਤਾਂ ਦੋ ਨੌਜਵਾਨਾਂ ਹਰਸ਼ ਰਾਣਾ ਤੇ ਦਿਨੇਸ਼ ਗੁੱਜਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਅਤੇ ਉਸ ਦੀ ਭੈਣ ਨੂੰ ਝਾੜੀਆਂ ਵੱਲ ਖਿੱਚ ਕੇ ਲੈ ਗਏ। ਉਸ ਨੇ ਕਿਹਾ ਕਿ ਉਹ ਡਰ ਗਿਆ ਅਤੇ ਆਪਣੇ ਮਾਲਕ ਦੇ ਘਰ ਵੱਲ ਭੱਜ ਗਿਆ।
ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸਦੀ ਭੈਣ ਰੋ ਰਹੀ ਸੀ। ਉਸ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਉਹ ਆਪਣੀ ਭੈਣ ਅਤੇ ਨਾਨੀ ਨਾਲ ਰਾਤ ਅੱਠ ਵਜੇ ਸਰਪੰਚ ਦੇ ਘਰ ਗਿਆ ਸੀ। ਜਿੱਥੇ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਇੱਕ ਨਿੱਜੀ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਐਸਐਸਪੀ ਰੋਪੜ ਗੁਲਨਾਰ ਸਿੰਘ ਖੁਰਾਣਾ ਨੇ ਦੱਸਿਆ ਕਿ ਨੂਰਪੁਰ ਬੇਦੀ ਦੇ ਪਿੰਡ ਧਨਾਣਾ ਦੀ ਪੀੜਤ ਲੜਕੀ ਦੇ ਭਰਾ ਦੇ ਬਿਆਨਾਂ ’ਤੇ ਸਮੂਹਿਕ ਜਬਰ ਜਨਾਹ ਦੇ ਮੁਲਜ਼ਮ ਹਰਸ਼ ਰਾਣਾ ਤੇ ਦਿਨੇਸ਼ ਗੁੱਜਰ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਦੇ ਨਾਲ-ਨਾਲ ਪੋਸਕੋ ਐਕਟ ਅਤੇ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਦੋਸ਼ਾਂ ਵਿੱਚ ਦਿਨੇਸ਼ ਗੁੱਜਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਹਰਸ਼ ਰਾਣਾ ਹਾਲੇ ਤੱਕ ਫਰਾਰ ਚੱਲ ਰਿਹਾ ਜਿਸਨੂੰ ਜਲਦ ਕਾਬੂ ਕਰ ਲਿਆ ਜਾਂਵੇਗਾ।
ਲੜਕੀ ਦੇ ਪਰਿਵਾਰ ਨੇ ਲਗਾਏ ਗੰਭੀਰ ਦੋਸ਼
ਪੀੜਤ ਲੜਕੀ ਦੇ ਚਾਚੇ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਹਰਸ਼ ਰਾਣਾ ਉਨ੍ਹਾਂ ਦੇ ਪਿੰਡ ਦੇ ਸਰਪੰਚ ਦਾ ਭਤੀਜਾ ਹੈ, ਜਿੱਥੇ ਲੜਕੀ ਦਾ ਭਰਾ ਕੰਮ ਕਰਦਾ ਸੀ, ਜਦਕਿ ਦੂਜਾ ਮੁਲਜ਼ਮ ਦਿਨੇਸ਼ ਗੁੱਜਰ ਹੈ, ਜੋ ਉਸ ਦਾ ਦੋਸਤ ਹੈ ਅਤੇ ਨੇੜਲੇ ਪਿੰਡ ਦਾ ਰਹਿਣ ਵਾਲਾ ਵੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਹੈ।
ਲੜਕੀ ਦੀ ਨਾਨੀ ਨੇ ਦੱਸਿਆ ਕਿ ਲੜਕੀ ਆਪਣੇ ਘਰ ਤੋਂ ਸਰਪੰਚ ਦੇ ਘਰ ਗਈ ਸੀ। ਸਾਨੂੰ ਨਹੀਂ ਪਤਾ ਕਿ ਉੱਥੇ ਕੀ ਹੋਇਆ।
ਇਹ ਵੀ ਪੜ੍ਹੋ : Jalandhar News: ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਫਾਹੇ ਨਾਲ ਲਟਕਦੀਆਂ ਲਾਸ਼ਾਂ ਬਰਾਮਦ, ਖ਼ੁਦਕੁਸ਼ੀ ਦਾ ਸ਼ੱਕ
ਸਰਪੰਚ ਨੇ ਦੱਸਿਆ ਕਿ ਲੜਕੀ ਨੇ ਕੁਝ ਖਾਧਾ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਨਾਨੀ ਅਤੇ ਚਾਚੇ ਨੇ ਦੱਸਿਆ ਕਿ ਲੜਕੀ ਨੇ ਸਾਨੂੰ ਇਹ ਨਹੀਂ ਪਤਾ ਕਿ ਉਸ ਨੇ ਕੁਝ ਖਾਧਾ ਹੈ ਜਾਂ ਖੁਆਇਆ ਹੈ, ਪਰ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਉਸ ਸਮੇਂ ਮਿਲੀ ਜਦੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਸਰਪੰਚ ਖੁਦ ਹੀ ਉਸ ਨੂੰ ਆਪਣੀ ਕਾਰ ਵਿਚ ਹਸਪਤਾਲ ਲੈ ਕੇ ਗਿਆ ਸੀ। ਉਸ ਨੂੰ ਹਸਪਤਾਲ ਲੈ ਕੇ ਜਾਣ ਸਮੇਂ ਵੀ ਉਸ ਦੇ ਨਾਲ ਪਰਿਵਾਰ ਦਾ ਕੋਈ ਮੈਂਬਰ ਵੀ ਨਹੀਂ ਸੀ।
ਇਹ ਵੀ ਪੜ੍ਹੋ : Ludhiana News: ਲੁਧਿਆਣਾ ਬੱਸ ਅੱਡਾ ਪੁਲਿਸ ਚੌਂਕੀ 'ਚ ਭਾਰੀ ਹੰਗਾਮਾ, ਥਾਣੇ 'ਚੋਂ ਕੁੜੀ ਮਿਲਣ 'ਤੇ ਮਾਮਲਾ ਹੋਰ ਭਖਿਆ
ਨੂਰਪੁਰਬੇਦੀ ਤੋਂ ਮਨੋਜ ਜੋਸ਼ੀ ਦੀ ਰਿਪੋਰਟ