ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਕੋਟਿਨ ਕੋਟ ਮੁਬਾਰਕਾਂ !!
Trending Photos
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਦੇ ਦਿਨ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਨ ੧੬੦੪(1604) ਈਸਵੀ ਵਿੱਚ ਹੋਇਆ। ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੱਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਪੁੱਜੇ ਅਤੇ ਪਹਿਲਾਂ ਪ੍ਰਕਾਸ਼ ਭਾਦੋਂ ਸੁਦੀ ਪਹਿਲੀ ਸੰਮਤ 1661, 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਇਹ ਸੁਭਾਗ ਸੀ, ਕਿ ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਸਨ, ਰੂਹਾਨੀਅਤ ਦੇ ਮੁਜੱਸਮੇ ਅਤੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਜਾਨ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਹੋਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਦੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ 'ਜਪੁ ਜੀ ਸਾਹਿਬ' ਨੂੰ ਸਥਾਨ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ ਸ਼ੁੱਧ ਰੂਪ 'ਚ ਰੱਖਣ ਲਈ ਅਤੇ ਜਨਤਾ ਦੇ ਪਰਉਪਕਾਰ ਲਈ ਇਕ ਬਹੁਤ ਵੱਡਾ ਫ਼ੈਸਲਾ ਲਿਆ। ਉਹ ਫ਼ੈਸਲਾ ਸੀ ਸਮੁੱਚੀ ਬਾਣੀ ਨੂੰ ਇਕ ਗ੍ਰੰਥ ਸਾਹਿਬ ਜੀ 'ਚ ਇਕੱਤਰ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ ਸੀ। ਇਹ ਮਹਾਨ ਕਾਰਜ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਦੇ ਕਿਨਾਰੇ ਪੋਥੀ ਸਾਹਿਬ ਲਿਖਣ ਦਾ ਕਾਰਜ ਆਰੰਭਿਆ। ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਇਹ ਇਕ ਬਹੁਤ ਵੱਡਾ ਕਾਰਜ ਸੀ, ਜਿਸ 'ਚ ਸਾਰੀ ਬਾਣੀ ਦਾ ਨਿਖੇੜਾ ਕਰਕੇ ਸ਼ੁੱਧ ਬਾਣੀ ਦੀ ਚੋਣ ਕਰਨਾ ਅਤੇ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਸ਼ੁੱਧ ਰੂਪ 'ਚ ਸੰਗ੍ਰਹਿ ਕਰਨਾ ਸੀ। ਅਖੀਰ ਕਈ ਮਹੀਨਿਆਂ ਦੀ ਮਿਹਨਤ ਸਦਕਾ 1604 ਈਂ 'ਚ ਪੋਥੀ ਸਾਹਿਬ ਦਾ ਸੰਪਾਦਨ ਮੁਕੰਮਲ ਹੋ ਗਿਆ।
ਆਦਿ ਗ੍ਰੰਥ ਸਾਹਿਬ ‘ਚ ਬਾਣੀ ਦਰਜ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ (974 ਸ਼ਬਦ ਤੇ ਸਲੋਕ), ਸ੍ਰੀ ਗੁਰੂ ਅੰਗਦ ਦੇਵ ਜੀ (62 ਸਲੋਕ), ਸ੍ਰੀ ਗੁਰੂ ਅਮਰਦਾਸ ਜੀ (907 ਪਦ ਤੇ ਸਲੋਕ), ਸ੍ਰੀ ਗੁਰੂ ਰਾਮ ਦਾਸ ਜੀ (679 ਪਦ ਤੇ ਸਲੋਕ), ਸ੍ਰੀ ਗੁਰੂ ਅਰਜਨ ਦੇਵ ਜੀ (2218 ਪਦ ਤੇ ਸਲੋਕ), ਸ੍ਰੀ ਗੁਰੂ ਤੇਗ ਬਹਾਦਰ ਜੀ (115 ਪਦ ਤੇ ਸਲੋਕ) ਦੀ ਬਾਣੀ ਸ਼ਾਮਲ ਹੈ। ਇਸ ਤੋਂ ਇਲਾਵਾ ਭਗਤ ਜੈਦੇਵ (2 ਸ਼ਬਦ), ਸ਼ੇਖ ਫਰੀਦ (112 ਸਲੋਕ, 4 ਸ਼ਬਦ), ਭਗਤ ਤਿਰਲੋਚਨ ਜੀ (4 ਸ਼ਬਦ), ਭਗਤ ਨਾਮਦੇਵ ਜੀ (60 ਸ਼ਬਦ), ਭਗਤ ਰਾਮਾਨੰਦ ਜੀ (1 ਸ਼ਬਦ), ਭਗਤ ਸਧਨਾ ਜੀ (1 ਸ਼ਬਦ), ਭਗਤ ਬੇਣੀ ਜੀ (1 ਸ਼ਬਦ), ਭਗਤ ਰਵਿਦਾਸ ਜੀ (41 ਸ਼ਬਦ), ਭਗਤ ਕਬੀਰ ਜੀ (292 ਸ਼ਬਦ, 249 ਸਲੋਕ), ਭਗਤ ਧੰਨਾ ਜੀ (4 ਸ਼ਬਦ), ਭਗਤ ਪੀਪਾ ਜੀ (1 ਸ਼ਬਦ), ਭਗਤ ਸੇਨ ਜੀ (1 ਸ਼ਬਦ), ਭਗਤ ਪਰਮਾਨੰਦ (1 ਸ਼ਬਦ), ਭਗਤ ਸੂਰਦਾਸ (1 ਸ਼ਬਦ), ਭਗਤ ਭੀਖਨ ਜੀ (2 ਸ਼ਬਦ), ਭਾਈ ਮਰਦਾਨਾ ਜੀ (3 ਸਲੋਕ), ਬਾਬਾ ਸੁੰਦਰ ਜੀ (6 ਪਉੜੀਆਂ), ਡੂਮ ਸੱਤਾ ਤੇ ਰਾਏ ਬਲਵੰਡ (8 ਪਦੇ, ਭਾਵ ਇਕ ਵਾਰ) ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸਨਮਾਨ ਤੇ ਸਤਿਕਾਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 11 ਭੱਟਾਂ ਕਲਸਹਾਰ, ਜਾਲਪ, ਕੀਰਤ, ਸੱਲ, ਭੱਲ, ਨੱਲ, ਮਥੁਰਾ, ਗਯੰਦ, ਭੀਖਾ, ਬੱਲ ਅਤੇ ਹਰਬੰਸ ਜੀ ਦੇ 123 ਸਵੱਈਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੇ ਗਏ ਹਨ।
ਸਮੁੱਚੀ ਬਾਣੀ ਵਿੱਚ ਸੱਚੇ ਸੁੱਚੇ ਕਰਮ ਕਰਦੇ ਹੋਏ ਅਕਾਲ ਪੁਰਖ ਦਾ ਨਾਮ ਸਦਾ ਸਿਮਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਪ੍ਰਭੂ ਦਾ ਭਜਨ ਜੀਵਨ ਦਾ ਆਧਾਰ ਦੱਸਿਆ ਗਿਆ ਹੈ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਦਾ ਪ੍ਰਕਾਸ਼ ਹੈ ਤੇ ਇਕੋ ਇਕ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਤੇ ਉਸਨੂੰ ਯਾਦ ਰੱਖਣ ਦਾ ਆਦੇਸ਼ ਹੈ। ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਕੋਟਿਨ ਕੋਟ ਮੁਬਾਰਕਾਂ !!
WATCH LIVE TV