Faridkot News: NRI ਪਰਿਵਾਰ ਤੇ ਹਥਿਆਰਬੰਦ ਹਮਲਾਵਰਾਂ ਨੇ ਘਰ ਦੇ ਅੰਦਰ ਆ ਕੇ ਗੁੰਡਾਗਰਦੀ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜਿਸ ਕਾਰਨ ਪਰਿਵਾਰ ਦੇ 2 ਮੈਂਬਰ ਗੰਭੀਰ ਜ਼ਖਮੀ ਹੋਏ।
Trending Photos
Faridkot News: ਫਰੀਦਕੋਟ ਜ਼ਿਲ੍ਹੇ ਪਿੰਡ ਕੰਮੇਆਣਾ 'ਚ ਦਿਨ-ਦਿਹਾੜੇ ਕੁਝ ਹਥਿਆਰਬੰਦ ਕਥਿਤ ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ NRI ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਇਕ NRI ਅਤੇ ਇਕ ਹੋਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਜਾਣਕਾਰੀ ਦਿੰਦਿਆਂ ਪਿੰਡ ਕੰਮੇਆਣਾ ਵਾਸੀ ਮੁਕੰਦ ਸਿੰਘ ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ, ਉਸਨੇ ਦੱਸਿਆ ਕਿ ਉਹ ਆਪਣੇ ਐਨ.ਆਰ.ਆਈ ਲੜਕੇ ਅਤੇ ਪੋਤੀ ਸਮੇਤ ਪਿੰਡ ਆਇਆ ਹੋਇਆ ਸੀ, ਉਹ ਆਪਣੇ ਘਰ ਦੇ ਅੰਦਰ ਕੋਈ ਕੰਮ ਕਰ ਰਹੇ ਸਨ, ਜਦੋਂ ਦੁਪਹਿਰ 2 ਵਜੇ ਦੇ ਕਰੀਬ 8-10 ਵਿਅਕਤੀ ਉਸ ਦੇ ਪਿੰਡ ਤੋਂ ਮਾਰੂ ਹਥਿਆਰਾਂ ਨਾਲ ਲੈਸ ਉਸ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਨੇ ਉਸ ਦੇ ਐਨਆਰਆਈ ਪੁੱਤਰ ਅਤੇ ਇੱਕ ਹੋਰ ਰਿਸ਼ਤੇਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰ ਦੀ ਭੰਨਤੋੜ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਆਪਣੀ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਅਤੇ ਮਾਣਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਜਿਸ ਕਾਰਨ ਅੱਜ ਦੂਜੀ ਧਿਰ ਦੇ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮੁਕੰਦ ਸਿੰਘ ਦੇ ਐਨਆਰਆਈ ਪੁੱਤਰ ਨੇ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਵਿਦੇਸ਼ ਰਹਿ ਰਿਹਾ ਹੈ, ਹੁਣ ਉਹ ਆਪਣੀ ਧੀ ਨੂੰ ਪੰਜਾਬ ਵਿੱਚ ਪੜ੍ਹਾਈ ਕਰਵਾਉਣ ਲਈ ਇੱਥੇ ਲੈ ਕੇ ਆਇਆ ਸੀ, ਪਰ ਅੱਜ ਜਿਸ ਤਰ੍ਹਾਂ ਉਸ 'ਤੇ ਹਮਲਾ ਕੀਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਕੋਈ ਵੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ, ਇਸ ਲਈ ਹੁਣ ਮੈਂ ਆਪਣੀ ਧੀ ਨੂੰ ਵੀ ਵਾਪਸ ਲੈ ਜਾਵਾਂਗਾ, ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਘਰ ਬੈਠਾ ਸੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਪਰ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਉਸ ਦੀ ਦਸਤਾਰ ਵੀ ਉਤਾਰੀ ਤੇ ਕੇਸਾਂ ਅਤੇ ਕਕਾਰਾਂ ਦੀ ਬੇਦਅਬੀ ਵੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਪੂਰੇ ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਸਿਟੀ 2 ਦੇ ਮੁੱਖ ਅਧਿਕਾਰੀ ਸੁਖਦਰਸ਼ਨ ਸ਼ਰਮਾ ਜੀਜੀਐਸ ਮੈਡੀਕਲ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਕੰਮੇਆਣਾ ਵਿੱਚ ਦੋ ਧਿਰਾਂ ਵਿਚਕਾਰ ਲੜਾਈ ਹੋਣ ਬਾਰੇ ਪਤਾ ਲੱਗਾ ਹੈ, ਜਿਸ ਵਿੱਚ 2 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਈ ਬਿਆਨ ਦਰਜ ਕੀਤਾ ਜਾਵੇਗਾ, ਥਾਣਾ ਸਦਰ ਦੇ ਐਸਐਚਓ ਲੋੜੀਂਦੀ ਕਾਰਵਾਈ ਕਰਨਗੇ।