ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਤਾਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਅਸਤੀਫਾ ਦੇਣ ਦੀ ਸਲਾਹ ਵੀ ਦਿੱਤੀ ਹੈ। ਪੰਜੋਲੀ ਨੇ ਇੰਟਰਨੈੱਟ ਮੀਡੀਆ 'ਤੇ ਇਕ ਪੋਸਟ 'ਚ ਲਿਖਿਆ ਕਿ ਸੰਗਰੂਰ 'ਚ ਪੰਜਵੇਂ ਨੰਬਰ 'ਤੇ ਆਉਣ ਦਾ ਮਤਲਬ ਹੈ ਕਿ ਲੋਕਾਂ ਨੂੰ ਪਾਰਟੀ ਦੀ ਲੀਡਰਸ਼ਿਪ 'ਤੇ ਭਰੋਸਾ ਨਹੀਂ ਹੈ।
Trending Photos
ਚੰਡੀਗੜ: ਸੰਗਰੂਰ ਵਿਚ ਹੋਈਆਂ ਲੋਕ ਸਭਾ ਜ਼ਿਮਨੀ ਚੋਣਾਂ ਵਿਚ ਪੰਜਵੇਂ ਨੰਬਰ ’ਤੇ ਆਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਇੱਕ ਵਾਰ ਫਿਰ ਸਵਾਲ ਉੱਠ ਰਹੇ ਹਨ। ਸਮੇਂ-ਸਮੇਂ 'ਤੇ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਕਰਕੇ ਬਾਦਲ ਪਰਿਵਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਆਗੂ ਜਾਂ ਤਾਂ ਪਾਰਟੀ ਛੱਡ ਗਏ ਜਾਂ ਪਾਰਟੀ 'ਚ ਰਹਿ ਕੇ ਪਰਿਵਾਰਵਾਦ ਦਾ ਵਿਰੋਧ ਕਰਦੇ ਰਹੇ ਹਨ। ਸੰਗਰੂਰ ਜ਼ਿਮਨੀ ਚੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪਾਰਟੀ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਅਕਾਲੀ ਲੀਡਰਸ਼ਿਪ ਤੋਂ ਅਸਤੀਫ਼ੇ ਦੀ ਮੰਗ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਤਾਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਅਸਤੀਫਾ ਦੇਣ ਦੀ ਸਲਾਹ ਵੀ ਦਿੱਤੀ ਹੈ। ਪੰਜੋਲੀ ਨੇ ਇੰਟਰਨੈੱਟ ਮੀਡੀਆ 'ਤੇ ਇਕ ਪੋਸਟ 'ਚ ਲਿਖਿਆ ਕਿ ਸੰਗਰੂਰ 'ਚ ਪੰਜਵੇਂ ਨੰਬਰ 'ਤੇ ਆਉਣ ਦਾ ਮਤਲਬ ਹੈ ਕਿ ਲੋਕਾਂ ਨੂੰ ਪਾਰਟੀ ਦੀ ਲੀਡਰਸ਼ਿਪ 'ਤੇ ਭਰੋਸਾ ਨਹੀਂ ਹੈ। ਅਕਾਲੀ ਲੀਡਰਸ਼ਿਪ ਪੰਥ ਅਤੇ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਨ੍ਹਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਨੇ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਸੀ ਕਿ ਪਾਰਟੀ ਨੂੰ ਪੰਜਵੇਂ ਨੰਬਰ 'ਤੇ ਲਿਆਉਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਨਹੀਂ ਹਨ। ਜ਼ਿਮਨੀ ਚੋਣਾਂ ਵਿੱਚ ਲੀਡਰਸ਼ਿਪ ਦਾ ਪੰਥਕ ਕਾਰਡ ਫੇਲ੍ਹ ਹੋ ਗਿਆ ਹੈ ਕਿਉਂਕਿ ਅਸੀਂ ਪੰਥਕ ਨਬਜ਼ ਨੂੰ ਪਛਾਣਨ ਵਿੱਚ ਅਸਫਲ ਰਹੇ ਹਾਂ।
1920 ਵਿਚ ਬਣੀ ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦਾ ਗਠਨ 1920 ਵਿਚ ਹੋਇਆ ਸੀ। ਇਸ ਦੇ ਗਠਨ ਦੇ ਬਾਅਦ ਤੋਂ ਪਾਰਟੀ ਸੱਤ ਹਿੱਸਿਆਂ ਵਿਚ ਵੰਡੀ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (1920), ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ), ਸ਼੍ਰੋਮਣੀ ਅਕਾਲੀ ਦਲ (ਪੰਥਕ) ਅਤੇ ਸ਼੍ਰੋਮਣੀ ਅਕਾਲੀ ਦਲ (ਮਨਜੀਤ ਸਿੰਘ) ਪਹਿਲਾਂ ਹੀ ਬਣ ਚੁੱਕੇ ਹਨ।
ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਮਾੜਾ ਦੌਰ
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 1997 ਵਿਚ ਇਕ ਗਠਜੋੜ ਬਣਾਇਆ ਅਤੇ 23 ਸਾਲਾਂ ਬਾਅਦ 28 ਸਤੰਬਰ 2020 ਨੂੰ ਤਿੰਨ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਟੁੱਟ ਗਿਆ। ਇਸ ਦਾ ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੂੰ ਹੋਇਆ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਅਤੇ ਅਕਾਲੀ ਦਲ (ਬ) ਨੇ ਵੱਖਰੇ ਤੌਰ ’ਤੇ ਚੋਣ ਲੜੀ ਸੀ। ਅਕਾਲੀ ਦਲ (ਬ) ਦੀ ਵੋਟ ਪ੍ਰਤੀਸ਼ਤ ਘਟ ਗਈ ਅਤੇ ਇਹ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ। ਹਾਲਾਂਕਿ ਭਾਜਪਾ ਨੂੰ ਵੀ ਇਸ ਚੋਣ ਵਿੱਚ ਸਿਰਫ਼ ਦੋ ਸੀਟਾਂ ਹੀ ਮਿਲੀਆਂ ਹਨ।