Lok Sabha Elections News: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਕਮਰਕੱਸੇ ਕਰ ਰਹੀਆਂ ਹਨ ਤੇ ਆਪਣੇ ਉਮੀਦਵਾਰਾਂ ਲਈ ਪੂਰਾ ਤਾਣ ਵੀ ਲਗਾ ਰਹੀਆਂ ਹਨ।
Trending Photos
Lok Sabha Elections News (ਜਸਮੀਤ ਕੌਰ) : ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਕਮਰਕੱਸੇ ਕਰ ਰਹੀਆਂ ਹਨ ਤੇ ਆਪਣੇ ਉਮੀਦਵਾਰਾਂ ਲਈ ਪੂਰਾ ਤਾਣ ਵੀ ਲਗਾ ਰਹੀਆਂ ਹਨ। ਇਸ ਵਾਰ ਦਲ ਬਦਲੀਆਂ ਸਾਰੇ ਸਮੀਕਰਨਾਂ ਉਤੇ ਅਸਰ ਜ਼ਰੂਰ ਵਿਖਾਉਂਦੀਆਂ ਨਜ਼ਰ ਆ ਰਹੀਆਂ ਹਨ ਤੇ ਉਮੀਦਵਾਰਾਂ ਦੀ ਘਾਟ ਵੀ ਰੜਕ ਰਹੀ ਹੈ।
ਲਗਭਗ ਸਾਰੀਆਂ ਪਾਰਟੀਆਂ ਨੇ ਦੂਜੀਆਂ ਪਾਰਟੀਆਂ ਵਿਚੋਂ ਸ਼ਾਮਲ ਕੀਤੇ ਆਗੂਆਂ ਉਤੇ ਭਰੋਸਾ ਪ੍ਰਗਟ ਕਰਦੇ ਹੋਏ ਉਮੀਦਵਾਰ ਐਲਾਨਿਆ ਹੈ। ਪਹਿਲੀ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਬਿਨਾਂ ਗਠਜੋੜ ਮੁਕਾਬਲਾ ਹੋ ਰਿਹਾ ਹੈ। ਸਾਰੀਆਂ ਹੀ ਪਾਰਟੀਆਂ ਨੂੰ ਮਜ਼ਬੂਤ ਉਮੀਦਵਾਰਾਂ ਦੀ ਘਾਟ ਹੈ।
ਆਮ ਆਦਮੀ ਪਾਰਟੀ 13 ਹਲਕਿਆਂ ਲਈ ਉਮੀਦਵਾਰ ਐਲਾਨ ਦਿੱਤੇ ਹਨ, ਜਦਕਿ ਅਕਾਲੀ ਦਲ ਨੇ ਸੱਤ, ਕਾਂਗਰਸ ਅਤੇ ਭਾਜਪਾ ਨੇ ਛੇ-ਛੇ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਫਿਰੋਜ਼ਪੁਰ ਤੇ ਹੁਸ਼ਿਆਰਪੁਰ ਅਜਿਹੇ ਲੋਕ ਸਭਾ ਹਲਕੇ ਹਨ ਹੈ, ਜਿੱਥੋਂ ਬਹੁਜਨ ਸਮਾਜ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ।
ਬਹੁਜਨ ਸਮਾਜ ਪਾਰਟੀ ਨੇ ਫਿਰੋਜ਼ਪੁਰ ਤੋਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਜਦਕਿ 'ਆਪ' ਨੇ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ ਤੇ ਬਸਪਾ ਨੇ ਰਕੇਸ਼ ਕੁਮਾਰ ਸੁਮਨ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ।
ਸ਼੍ਰੀ ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਫਰੀਦਕੋਟ ਹਲਕੇ ਵਿੱਚ ਵੀ ਤਿੰਨ-ਤਿੰਨ ਉਮੀਦਵਾਰ ਮੈਦਾਨ ਵਿੱਚ ਆ ਚੁੱਕੇ ਹਨ। ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਕਰੀਬ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਮੁੜ ਟਿਕਟ ਦਿੱਤੀ ਹੈ ਜਦਕਿ ਦੌੜ ਵਿੱਚ ਓਪੀ ਸੋਨੀ ਵੀ ਸਨ।
ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਕਾਲੀ ਦਲ ਨੇ ਅਨਿਲ ਜੋਸ਼ੀ ਅਤੇ ਭਾਜਪਾ ਨੇ ਤਰਨਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਗੁਰਦਾਸਪੁਰ ਤੋਂ ਅਕਾਲੀ ਦਲ ਨੇ ਡਾ. ਦਲਜੀਤ ਸਿੰਘ ਚੀਮਾ ਅਤੇ ਭਾਜਪਾ ਨੇ ਦਿਨੇਸ਼ ਬੱਬੂ ਨੂੰ ਉਮੀਦਵਾਰ ਬਣਾਇਆ ਹੈ।
ਇਸੇ ਤਰ੍ਹਾਂ ਫਰੀਦਕੋਟ ਤੋਂ ਭਾਜਪਾ ਨੇ ਰਾਜ ਗਾਇਕ ਹੰਸ ਰਾਜ ਹੰਸ ਤੇ ਆਮ ਆਦਮੀ ਪਾਰਟੀ ਨੇ ਅਦਾਕਾਰ ਕਰਮਜੀਤ ਅਨਮੋਲ ਅਤੇ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਉਤੇ ਦਾਅ ਖੇਡਿਆ ਹੈ। ਬਠਿੰਡਾ ਤੋਂ ਆਪ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਤੇ ਅਕਾਲੀ ਦਲ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ।
ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾ, ਕਾਂਗਰਸ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨਿਆ ਹੈ। ਅਕਾਲੀ ਦਲ (ਅ) ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੜ ਚੋਣ ਮੈਦਾਨ ਵਿੱਚ ਕੁੱਦ ਗਏ ਹਨ।
ਪਟਿਆਲਾ ਤੋਂ ਭਾਜਪਾ ਨੇ ਪਟਿਆਲਾ ਪਰਨੀਤ ਕੌਰ ਨੂੰ ਟਿਕਟ ਦਿੱਤੀ ਹੈ। ਹੁਕਮਰਾਨ ਪਾਰਟੀ ਆਪ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ, ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਅਕਾਲੀ ਦਲ ਨੇ ਐੱਨ.ਕੇ ਸ਼ਰਮਾ ਨੂੰ ਚੋਣ ਪਿੜ ਵਿੱਚ ਉਤਾਰਿਆ ਹੈ। ਜਲੰਧਰ ਤੋਂ ਭਾਜਪਾ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਹੈ।
ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕੰਗ ਤੇ ਅਕਾਲੀ ਦਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਕਾਂਗਰਸ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਅਕਾਲੀ ਦਲ ਨੇ ਬਿਕਰਮਜੀਤ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ ਹੈ।
ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਤਿੰਨ ਸੀਟਾਂ, ਖਡੂਰ ਸਾਹਿਬ, ਬਠਿੰਡਾ ਅਤੇ ਹੁਸ਼ਿਆਰਪੁਰ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਭਾਜਪਾ ਨੇ ਬਠਿੰਡਾ ਤੋਂ ਪਰਮਪਾਲ ਕੌਰ, ਹੁਸ਼ਿਆਰਪੁਰ ਤੋਂ ਅਨਿਤਾ ਸੋਮ ਪ੍ਰਕਾਸ਼ ਅਤੇ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਮੌਕਾ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਲੁਧਿਆਣਾ, ਜਲੰਧਰ, ਗੁਰਦਾਸਪੁਰ ਤੇ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ, ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਜਲੰਧਰ ਤੋਂ ਪਵਨ ਕੁਮਾਰ ਟੀਨੂੰ ਅਤੇ ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ ਨੂੰ ਮੌਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : AAP Campaign Launch: ਆਪ ਨੇ ਲੋਕ ਸਭਾ ਚੋਣ ਮੁਹਿੰਮ ਨਾਲ ਸਬੰਧਤ ਆਪਣੀ ਵੈੱਬਸਾਈਟ 'ਰਾਮ ਰਾਜ' ਕੀਤੀ ਲਾਂਚ