ਬੀਬੀ ਜਗੀਰ ਕੌਰ ਨੂੰ ਐੱਸਜੀਪੀਸੀ ਦੀਆਂ ਚੋਣਾਂ ਤੋਂ ਆਪਣਾ ਨਾਮ ਵਾਪਸ ਲੈਣ ਲਈ ਕਿਹਾ ਗਿਆ ਹੈ, ਜੇਕਰ ਅਜਿਹਾ ਨਹੀ ਕੀਤਾ ਤਾਂ ਪਾਰਟੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਸਕਦੀ ਹੈ।
Trending Photos
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ’ਤੇ ਅਨੁਸ਼ਾਸਨੀ ਕਮੇਟੀ ਅੱਜ ਆਖ਼ਰੀ ਫ਼ੈਸਲਾ ਲੈ ਸਕਦੀ ਹੈ।
ਬੀਬੀ ਜਗੀਰ ਕੌਰ ਦੇ ਭੇਜੇ ਜਵਾਬ ਤੋਂ ਸਤੁੰਸ਼ਟ ਨਹੀਂ ਅਨੁਸ਼ਾਸਨੀ ਕਮੇਟੀ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਬੀ ਜਗੀਰ ਕੌਰ ਨੂੰ ਸਸਪੈਂਡ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਸਬੰਧੀ ਸਪੱਸ਼ਟੀਕਰਣ ਮੰਗਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜੋ ਜਵਾਬ ਬੀਬੀ ਜਗੀਰ ਕੌਰ ਵਲੋਂ ਭੇਜਿਆ ਗਿਆ ਹੈ, ਉਸ ਤੋਂ ਪਾਰਟੀ ਸੰਤੁਸ਼ਟ ਨਹੀਂ ਹੈ।
ਅਨੁਸ਼ਾਸਨੀ ਕਮੇਟੀ ਵਲੋਂ ਐੱਸਜੀਪੀਸੀ ਚੋਣਾਂ ’ਚੋਂ ਨਾਮ ਵਾਪਸ ਲੈਣ ਦਾ ਹੁਕਮ
ਬੀਬੀ ਜਗੀਰ ਕੌਰ ਨੂੰ ਅੱਜ ਦੁਪਹਿਰ ਭਾਵ ਐਤਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਅਨੁਸ਼ਾਸਨੀ ਕਮੇਟੀ ਦੇ ਮੈਬਰਾਂ ਵਲੋਂ ਉਨ੍ਹਾਂ ਨੂੰ ਐੱਸਜੀਪੀਸੀ (SGPC) ਦੀਆਂ ਚੋਣਾਂ ਤੋਂ ਆਪਣਾ ਨਾਮ ਵਾਪਸ ਲੈਣ ਲਈ ਕਿਹਾ ਗਿਆ ਹੈ, ਜੇਕਰ ਅਜਿਹਾ ਨਹੀ ਕੀਤਾ ਤਾਂ ਪਾਰਟੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਸਕਦੀ ਹੈ।
ਸੁਖਬੀਰ ਵੀ ਬੀਬੀ ਨੂੰ ਨਾਮ ਵਾਪਸ ਲੈਣ ਲਈ ਕਹਿ ਚੁੱਕੇ ਹਨ
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਤੌਰ ’ਤੇ ਬੀਬੀ ਜਗੀਰ ਕੌਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਆਪਣੀ ਦਾਅਵੇਦਾਰੀ ਵਾਪਸ ਲੈਣ ਅਤੇ ਪਾਰਟੀ ਨਾਲ ਵਫ਼ਾਦਾਰੀ ਨਿਭਾਉਣ, ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਬਖ਼ਸ਼ਿਆ ਹੈ।
ਅਕਾਲੀ ਦਲ ਦੇ ਵਿਰੋਧੀ ਧੜਿਆਂ ਵਲੋਂ ਬੀਬੀ ਦੀ ਅੰਦਰਖਾਤੇ ਹਮਾਇਤ
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਦਰ ਭਖ਼ੇ ਮਾਹੌਲ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਰੋਧੀ ਧੜਿਆਂ ਵੱਲੋਂ ਬੀਬੀ ਜਗੀਰ ਕੌਰ ਦੀ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਰਵੀਇੰਦਰ ਸਿੰਘ ਅਤੇ ਹੋਰਨਾ ਵਲੋਂ ਬਾਦਲ ਪਰਿਵਾਰ ਦੀ SGPC ’ਚ ਦਖ਼ਲਅੰਦਾਜੀ ਬੰਦ ਕਰਨ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ।
ਐੱਸਜੀਪੀਸੀ ਦੇ ਇਤਿਹਾਸ ’ਚ ਇਹ ਦੂਜੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ’ਚ ਅਕਾਲੀ ਦਲ ਨੂੰ ਪਾਰਟੀ ਦੇ ਅੰਦਰੋਂ ਹੀ ਚੁਣੌਤੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2002 ’ਚ ਤੱਤਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਖ਼ਲਅੰਦਾਜੀ ਦੇ ਚੱਲਦਿਆਂ ਕਮੇਟੀ ਦੇ ਬਹੁ-ਗਿਣਤੀ ਮੈਬਰਾਂ ਨੂੰ ਬਾਦਲਾਂ ਦੇ ਹਰਿਆਣਾ ’ਚ ਸਥਿਤ ਬਾਲਾਸਰ ਫ਼ਾਰਮ ਹਾਊਸ ’ਤੇ ਲਿਜਾਇਆ ਗਿਆ ਸੀ।