Nurpur Bedi News: ਨੂਰਪੁਰ ਬੇਦੀ ਦੇ ਪਿੰਡ ਝੱਜ ਦੇ ਭਾਰਤੀ ਫੌਜ 'ਚ ਲਾਂਸ ਨਾਇਕ ਜੰਮੂ-ਕਸ਼ਮੀਰ ਦੇ ਰਜੌਰੀ ਜ਼ਿਲ੍ਹੇ ਵਿੱਚ ਸ਼ਹੀਦ ਹੋ ਗਿਆ।
Trending Photos
Nurpur Bedi News (ਬਿਮਲ ਸ਼ਰਮਾ): ਨੂਰਪੁਰ ਬੇਦੀ ਦੇ ਪਿੰਡ ਝੱਜ ਦੇ ਭਾਰਤੀ ਫੌਜ 'ਚ ਲਾਂਸ ਨਾਇਕ ਦੇ ਅਹੁਦੇ 'ਤੇ ਤਾਇਨਾਤ 29 ਸਾਲਾ ਫੌਜੀ ਬਲਜੀਤ ਸਿੰਘ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਅਰਮਦਾ ਗੱਡੀ ਗਹਿਰੀ ਖੱਡ 'ਚ ਡਿੱਗ ਗਈ। ਇਸ ਗੱਡੀ 'ਚ ਸਵਾਰ ਹੋਰ 4 ਸੈਨਿਕ ਗੰਭੀਰ ਜ਼ਖਮੀ ਹੋ ਗਏ ਜਦਕਿ ਸੈਨਿਕ ਬਲਜੀਤ ਸਿੰਘ ਦੀ ਇਸ ਹਾਦਸੇ 'ਚ ਸ਼ਹਾਦਤ ਹੋ ਗਈ।
ਅੱਜ ਬਲਜੀਤ ਦੀ ਦੇਹ ਪਿੰਡ ਪਹੁੰਚਣ ਤੋਂ ਬਾਅਦ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਕਤ ਜਵਾਨ ਕਰੀਬ 10 ਸਾਲ ਪਹਿਲਾਂ ਭਾਰਤੀ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਗਿਆ ਸੀ। ਉਕਤ ਸੈਨਿਕ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਅੰਤਿਮ ਸਸਕਾਰ ਮੌਕੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
ਸ਼ਹੀਦ ਬਲਜੀਤ ਪਿੰਡ ਝੱਜ ਨਾਲ ਸਬੰਧਤ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਸਾਲ 2014 'ਚ ਭਾਰਤੀ ਫੌਜ ਦੀ 2 ਪੈਰਾ (ਐੱਸ.ਐੱਫ.) 'ਚ ਭਰਤੀ ਹੋਇਆ ਸੀ। ਉਹ ਇਸ ਸਮੇਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਡਿਊਟੀ 'ਤੇ ਤਾਇਨਾਤ ਸੀ। ਫੌਜੀ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਪੀਐੱਮਕੇਜੀ ਗੰਨ 'ਤੇ ਤਾਇਨਾਤ ਸੀ।
ਜਦੋਂ ਫੌਜ ਦੇ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀ ਗਤਿਵਿਧੀਆਂ ਦਾ ਪਤਾ ਚੱਲਣ ਉਤੇ 2 ਗੱਡੀਆਂ 'ਚ ਰਵਾਨਾ ਹੋਏ ਤਾਂ ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫੌਜ ਦੀ ਇਕ ਅਰਮਦਾ ਗੱਡੀ ਘੁੰਮਣ ਸਮੇਂ ਅਚਾਨਕ ਮਨਜਾ ਕੋਟੇ ਖੇਤਰ ਨੇੜੇ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਦੌਰਾਨ ਉਕਤ ਗੱਡੀ 'ਚ ਸਵਾਰ 4 ਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਲਾਂਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਿਆ।
ਅੱਜ ਸ਼ਹੀਦ ਬਲਜੀਤ ਸਿੰਘ ਦੀ ਮ੍ਰਿਤਕ ਦੇ ਸਵੇਰੇ ਪਿੰਡ ਪੁੱਜੀ ਤਾਂ ਉਸ ਸਮੇਂ ਜਿੱਥੇ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ ਉੱਥੇ ਰਸਤੇ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਹੀਦ ਦੇ ਕਾਫਲੇ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਸ਼ਹੀਦ ਬਲਜੀਤ ਸਿੰਘ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਿਜਾਏ ਜਾਣ ਤੋਂ ਬਾਅਦ ਸਥਾਨਕ ਸ਼ਮਸ਼ਾਨ ਘਾਟ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : IND vs BAN 1st Test Match: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੇਨਈ 'ਚ ਪਹਿਲੇ ਟੈਸਟ ਮੈਚ, ਜਾਣੋ ਪਿੱਚ ਰਿਪੋਰਟ