Ropar News: ਨੂਰਪੁਰਬੇਦੀ ਵਿੱਚ ਜਬਰ ਜਨਾਹ ਪੀੜਤ ਲੜਕੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਅੱਜ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
Trending Photos
Ropar News: ਬੀਤੇ ਦਿਨੀਂ ਨੂਰਪੁਰ ਬੇਦੀ ਦੇ ਇੱਕ ਪਿੰਡ 'ਚ ਦੋ ਨੌਜਵਾਨਾਂ ਵੱਲੋਂ ਨਾਬਾਲਗ ਲੜਕੀ ਦੇ ਨਾਲ ਜਬਰ ਜਨਾਹ ਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਪੀੜਤ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ ਗਈ ਸੀ।
ਇਸ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਇਨਸਾਫ ਪਸੰਦ ਲੋਕਾਂ ਵੱਲੋਂ ਦੂਜੇ ਮੁਲਜ਼ਮ ਨੂੰ ਫੜੇ ਜਾਣ ਤੋਂ ਬਾਅਦ ਅੰਤਿਮ ਸਸਕਾਰ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਸੀ। ਕੱਲ੍ਹ ਰਾਤ ਦੂਜਾ ਮੁਲਜ਼ਮ ਵੀ ਨੂਰਪੁਰ ਬੇਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਦੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਹੋਇਆਂ ਅੱਜ ਉਕਤ ਲੜਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਲੜਕੀ ਆਪਣੇ 14 ਸਾਲਾਂ ਭਰਾ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਨੂੰ ਵਾਪਸ ਆ ਰਹੀ ਸੀ। ਰਸਤੇ ਵਿੱਚ ਦੋ ਮੁਲਜ਼ਮਾਂ ਨੇ ਰੋਕ ਕੇ ਪਹਿਲਾਂ ਭੈਣ-ਭਰਾ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਲੜਕੀ ਨਾਲ ਜਬਰ ਜਨਾਹ ਕੀਤਾ। ਜਾਣਕਾਰੀ ਮੁਤਾਬਕ ਲੜਕੀ ਆਪਣੇ 14 ਸਾਲਾ ਭਰਾ ਨਾਲ ਆਪਣੀ ਨਾਨੀ ਕੋਲ ਰਹਿੰਦੀ ਸੀ। ਉਸਦਾ ਭਰਾ ਪਿੰਡ ਦੇ ਸਰਪੰਚ ਦੇ ਘਰ ਪਸ਼ੂਆਂ ਦੀ ਦੇਖਭਾਲ ਦਾ ਕੰਮ ਕਰਦਾ ਹੈ।
ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨਿੱਚਰਵਾਰ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੀ ਭੈਣ ਨਾਲ ਘਰ ਪਰਤ ਰਿਹਾ ਸੀ ਤਾਂ ਦੋ ਨੌਜਵਾਨਾਂ ਹਰਸ਼ ਰਾਣਾ ਤੇ ਦਿਨੇਸ਼ ਗੁੱਜਰ ਨੇ ਉਸ ਨੂੰ ਥੱਪੜ ਮਾਰ ਦਿੱਤਾ ਅਤੇ ਉਸ ਦੀ ਭੈਣ ਨੂੰ ਝਾੜੀਆਂ ਵੱਲ ਖਿੱਚ ਕੇ ਲੈ ਗਏ। ਉਸ ਨੇ ਕਿਹਾ ਕਿ ਉਹ ਡਰ ਗਿਆ ਅਤੇ ਆਪਣੇ ਮਾਲਕ ਦੇ ਘਰ ਵੱਲ ਭੱਜ ਗਿਆ ਸੀ।
ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸਦੀ ਭੈਣ ਰੋ ਰਹੀ ਸੀ। ਉਸ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਉਹ ਆਪਣੀ ਭੈਣ ਅਤੇ ਨਾਨੀ ਨਾਲ ਰਾਤ ਅੱਠ ਵਜੇ ਸਰਪੰਚ ਦੇ ਘਰ ਗਿਆ ਸੀ। ਜਿੱਥੇ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਇੱਕ ਨਿੱਜੀ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਐਸਐਸਪੀ ਰੋਪੜ ਗੁਲਨਾਰ ਸਿੰਘ ਖੁਰਾਣਾ ਨੇ ਦੱਸਿਆ ਕਿ ਨੂਰਪੁਰ ਬੇਦੀ ਦੇ ਪਿੰਡ ਧਨਾਣਾ ਦੀ ਪੀੜਤ ਲੜਕੀ ਦੇ ਭਰਾ ਦੇ ਬਿਆਨਾਂ ’ਤੇ ਸਮੂਹਿਕ ਜਬਰ ਜਨਾਹ ਦੇ ਮੁਲਜ਼ਮ ਹਰਸ਼ ਰਾਣਾ ਤੇ ਦਿਨੇਸ਼ ਗੁੱਜਰ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਦੇ ਨਾਲ-ਨਾਲ ਪੋਸਕੋ ਐਕਟ ਅਤੇ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ : Truck Bus Drivers Protest Update: ਪੈਟਰੋਲ ਪੰਪਾਂ ਤੇ ਕਈ ਜ਼ਿਲ੍ਹਿਆਂ 'ਚ ਮਿਲੀ ਰਾਹਤ, ਕਈ ਥਾਂਈ ਹਾਲੇ ਵੀ ਲੰਬੀ ਕਤਾਰ 'ਚ ਲੋਕ
ਨੂਰਪੁਰਬੇਦੀ ਤੋਂ ਬਿਮਲ ਸ਼ਰਮਾ ਦੀ ਰਿਪੋਰਟ