Punjabi Youth Death in America: ਇੱਕ ਮਹੀਨੇ ਪਹਿਲਾਂ ਸੁਨਹਿਰੀ ਭਵਿੱਖ ਲਈ ਅਮਰੀਕਾ ਭੇਜੇ ਇਕਲੌਤੇ ਪੁੱਤ ਦੀ ਖਬਰ ਪੁੱਜਣ ਨਾਲ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
Trending Photos
Punjabi Youth Death in America: ਸੁਨਹਿਰੀ ਭਵਿੱਖ ਖਾਤਰ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਕਸਿਤ ਵਿਦੇਸ਼ੀ ਮੁਲਕਾਂ ਵਿੱਚ ਪਰਵਾਸ ਕਰਨ ਲਈ ਜਾਨ ਉਤੇ ਖੇਡ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਜਾਣ ਦੇ ਚਾਹਵਾਨ ਵੱਖਰੇ-ਵੱਖਰੇ ਮੁਲਕਾਂ ਦੇ 15 ਨੌਜਵਾਨਾਂ ਦੀ ਮੈਕਸੀਕੋ ਨਜ਼ਦੀਕ ਹਾਈਵੇ ਕੋਲ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਇਨ੍ਹਾਂ ਮੰਦਭਾਗੇ ਮ੍ਰਿਤਕ ਨੌਜਵਾਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਬਾਗੜੀਆਂ ਦੇ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਗੁਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਚੰਗੇ ਭਵਿੱਖ ਖਾਤਰ ਇੱਕ ਮਹੀਨਾ ਪਹਿਲਾ ਹੀ ਬੀਤੀ 7 ਜੁਲਾਈ ਨੂੰ ਅਮਰੀਕਾ ਲਈ ਘਰੋਂ ਰਵਾਨਾ ਹੋਇਆ ਸੀ ਤੇ ਪੂਰੇ ਇੱਕ ਮਹੀਨੇ ਬਾਅਦ ਉਸ ਦੇ ਘਰ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਪੁੱਜ ਗਈ ਹੈ।
ਮ੍ਰਿਤਕ ਗੁਰਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਇੱਕ ਮਹੀਨਾ ਪਹਿਲਾਂ ਇੱਕ ਸਥਾਨਕ ਏਜੰਟ ਤੇ ਹਾਜੀਪੁਰ ਦੇ ਏਜੰਟ ਰਾਹੀਂ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਗੁਰਪਾਲ ਸਿੰਘ ਦੇ ਅਮਰੀਕਾ ਪੁੱਜਣ ਲਈ ਉਨ੍ਹਾਂ ਵੱਲੋਂ ਮੋਟੀ ਰਕਮ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 40 ਲੱਖ ਰੁਪਏ ਉਨ੍ਹਾਂ ਨੇ ਏਜੰਟ ਨੂੰ ਅਦਾ ਕਰ ਦਿੱਤੇ ਸਨ।
ਇਹ ਵੀ ਪੜ੍ਹੋ : International News: ਪਾਕਿਸਤਾਨ ਰੁੜੇ ਦੋ ਨੌਜਵਾਨਾਂ ਦੀ ਅਜੇ ਤੱਕ ਨਹੀਂ ਹੋ ਸਕੀ ਵਾਪਸੀ, ਬੀਸੀਐਫ ਨੇ ਦਿੱਤਾ ਭਰੋਸਾ
ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਗੁਰਪਾਲ ਸਿੰਘ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ ਪਰ ਅੱਜ ਪਿੰਡ ਬਾਗੜੀਆਂ ਦੇ ਵਾਸੀ ਚੇਅਰਮੈਨ ਠਾਕੁਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰਪਾਲ ਸਿੰਘ ਦੇ ਏਜੰਟ ਨੇ ਦੱਸਿਆ ਹੈ ਕਿ ਗੁਰਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਗੁਰਪਾਲ ਸਿੰਘ ਦੀ ਮੌਤ ਲਈ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਪਾਲ ਸਿੰਘ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਪਿੰਡ ਪਹੁੰਚਾਉਣ ਵਿੱਚ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : Jagraon News: ਪਾਕਿਸਤਾਨ ਰੁੜੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੇ ਬਿਆਨ ਕੀਤਾ ਦਰਦ; ਸਰਕਾਰ ਨੂੰ ਲਗਾਈ ਗੁਹਾਰ
ਗੁਰਦਾਸਪੁਰ ਤੋਂ ਭੋਪਾਲ ਸਿੰਘ ਰਿਪੋਰਟ