Inderjit Singh: ਜਨਰਲ ਮੀਟਿੰਗ ਦੌਰਾਨ ਹਾਊਸ ਆਫ ਲਾਰਡਜ਼ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਲਾਰਡ ਇੰਦਰਜੀਤ ਸਿੰਘ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ।
Trending Photos
Inderjit Singh: 32 ਵੱਖ-ਵੱਖ ਦੇਸ਼ਾਂ ਦੀਆਂ ਕੌਮੀ ਸਿੱਖ ਜਥੇਬੰਦੀਆਂ ਦੀ ਪ੍ਰਤੀਨਿਧ ਸੰਸਥਾ ਗਲੋਬਲ ਸਿੱਖ ਕੌਂਸਲ (ਜੀਐਸਸੀ) ਨੇ ਹਾਊਸ ਆਫ਼ ਲਾਰਡਜ਼ ਵੈਸਟਮਿੰਸਟਰ, ਲੰਡਨ ਦੇ ਕਮੇਟੀ ਰੂਮ ਵਿੱਚ ਹੋਈ ਆਪਣੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਹਾਊਸ ਆਫ ਲਾਰਡਜ਼ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਲਾਰਡ ਇੰਦਰਜੀਤ ਸਿੰਘ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਕੌਂਸਲ ਦੀ ਚੇਅਰਪਰਸਨ ਲੇਡੀ ਸਿੰਘ ਕੰਵਲਜੀਤ ਕੌਰ ਅਤੇ ਕੌਂਸਲ ਮੈਂਬਰਾਂ ਨੇ ਲੰਡਨ ਦੇ ਉੱਘੇ ਕਾਰੋਬਾਰੀ ਟੋਨੀ ਮਠਾਰੂ ਨੂੰ ਸਮਾਜ ਸੇਵੀ ਕੰਮਾਂ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਜੀਐਸਸੀ ਜਨਰਲ ਸਕੱਤਰ ਹਰਸਰਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿ ਹਾਊਸ ਆਫ ਲਾਰਡਜ਼ ਦੀ ਗੈਲਰੀ ਵਿੱਚ ਲਾਰਡ ਇੰਦਰਜੀਤ ਸਿੰਘ ਦੀ ਤਸਵੀਰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਰਤਾਨਵੀ ਸੰਸਦ ਦੇ ਉਪਰਲੇ ਸਦਨ ਵਿੱਚ ਪਹਿਲੇ ਸਿੱਖ ਸੰਸਦ ਮੈਂਬਰ ਵਜੋਂ ਇਹ ਮਾਨਤਾ ਬਰਤਾਨਵੀ ਸਮਾਜ, ਸਿੱਖ ਭਾਈਚਾਰੇ ਅਤੇ ਅੰਤਰ-ਧਾਰਮਿਕ ਸਦਭਾਵਨਾ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦਾ ਪ੍ਰਮਾਣ ਹੈ। ਉਨ੍ਹਾਂ ਅੱਗੇ ਦੱਸਿਆ ਕਿ 'ਬੈਰਨ ਸਿੰਘ ਆਫ ਵਿੰਬਲਡਨ' ਦਾ ਖਿਤਾਬ ਹਾਸਲ ਕਰਨ ਵਾਲੇ ਲਾਰਡ ਇੰਦਰਜੀਤ ਸਿੰਘ ਨੂੰ ਧਾਰਮਿਕ ਭਾਈਚਾਰਿਆਂ ਪ੍ਰਤੀ ਵਿਲੱਖਣ ਸੇਵਾਵਾਂ ਲਈ ਵੱਕਾਰੀ ਟੈਂਪਲਟਨ ਐਵਾਰਡ ਅਤੇ ਇੰਟਰਫੇਥ ਮੈਡਲ ਵੀ ਮਿਲ ਚੁੱਕਾ ਹੈ।
ਮਲੇਸ਼ੀਆ ਦੇ ਨੁਮਾਇੰਦੇ ਜਗੀਰ ਸਿੰਘ ਨੇ ਰਾਸ਼ਟਰੀ ਅਤੇ ਨਾਗਰਿਕ ਮੌਕਿਆਂ 'ਤੇ ਲਾਰਡ ਇੰਦਰਜੀਤ ਸਿੰਘ ਦੀ ਸਰਗਰਮ ਸ਼ਮੂਲੀਅਤ ਦਾ ਜ਼ਿਕਰ ਕਰਦੇ ਹੋਏ ਲੰਦਨ ਦੇ ਵ੍ਹਾਈਟਹਾਲ ਸੇਨੋਟਾਫ ਵਿੱਚ ਰਾਸ਼ਟਰਮੰਡਲ ਸੇਵਾ ਅਤੇ ਯਾਦਗਰ ਦਿਵਸ ਉਤੇ ਨੈਟਵਰਕ ਆਫ ਸਿੱਖ ਸੰਗਠਨਾਂ (ਯੂਕੇ) ਦੇ ਡਾਇਰੈਕਟਰ ਦੇ ਰੂਪ ਵਿੱਚ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਉਤੇ ਚਾਨਣਾ ਪਾਇਆ।
ਲਾਰਡ ਇੰਦਰਜੀਤ ਸਿੰਘ ਵਿਸ਼ਵ ਕਾਂਗਰਸ ਆਫ ਫੇਥਸ ਦੇ ਸਰਪ੍ਰਸਤ ਅਤੇ ਇੰਟਰ-ਫੇਥ ਨੈੱਟਵਰਕ ਯੂਕੇ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਹਨ। ਖਾਸ ਤੌਰ 'ਤੇ ਲਾਰਡ ਸਿੰਘ ਨੂੰ ਇੰਟਰਫੇਥ ਪ੍ਰੋਗਰਾਮਾਂ ਵਿੱਚ ਯੋਗਦਾਨ ਲਈ ਵਿਸ਼ਵ ਪੱਧਰ 'ਤੇ ਜਾਣਿਆ ਜਾਂਦਾ ਹੈ। ਇਸ ਮੌਕੇ ਬੁਲਾਰਿਆਂ ਨੇ ਪ੍ਰਿੰਸ ਵਿਲੀਅਮ ਅਤੇ ਕੈਥਰੀਨ ਮਿਡਲਟਨ ਦੇ ਵਿਆਹ ਅਤੇ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਮੌਕੇ ਸਿੱਖ ਧਰਮ ਦੇ ਨੁਮਾਇੰਦੇ ਵਜੋਂ ਉਨ੍ਹਾਂ ਦੀ ਮਹੱਤਵਪੂਰਨ ਮੌਜੂਦਗੀ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਅਮਰੀਕਾ ਤੋਂ ਪਹੁੰਚੇ ਕੌਂਸਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਬੇਦੀ ਨੇ ਸਿੱਖ ਮੈਸੇਂਜਰ ਦੇ ਸੰਪਾਦਕ ਦੇ ਰੂਪ ਵਿੱਚ ਅਤੇ ਬੀਬੀਸੀ ਰੇਡੀਓ ਦੇ ਦੋ ਵਿਸ਼ੇਸ਼ ਪ੍ਰੋਗਰਾਮਾਂ ‘ਥਾਟ ਫਾਰ ਦਿ ਡੇਅ’ ਅਤੇ ‘ਪਾਜ਼ ਫਾਰ ਦਿ ਡੇਅ’ ਵਿੱਚ ਲਾਰਡ ਸਿੰਘ ਦੀ ਰੋਜ਼ਾਨਾ ਪੇਸ਼ਕਾਰੀ ਵਿੱਚ ਸਿੱਖ ਮੁੱਦਿਆਂ ਨੂੰ ਚੁੱਕਣ ਦੀ ਸ਼ਲਾਘਾ ਕੀਤੀ।
ਅਵਾਰਡ ਪ੍ਰਾਪਤ ਕਰਨ ਤੋਂ ਬਾਅਦ, ਲਾਰਡ ਸਿੰਘ ਅਤੇ ਟੋਨੀ ਮਠਾਰੂ ਨੇ ਗਲੋਬਲ ਸਿੱਖ ਭਾਈਚਾਰੇ ਦੀ ਸੇਵਾ ਕਰਨ ਲਈ ਕੌਂਸਲ ਦੇ ਟੀਚਿਆਂ ਅਤੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।
ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿਚ ਇੰਡੋਨੇਸ਼ੀਆ ਤੋਂ ਡਾ. ਕਰਮਿੰਦਰ ਸਿੰਘ ਢਿੱਲੋਂ, ਆਇਰਲੈਂਡ ਤੋਂ ਡਾ. ਜਸਬੀਰ ਸਿੰਘ ਪੁਰੀ, ਭਾਰਤ ਤੋਂ ਰਾਮ ਸਿੰਘ ਰਾਠੌਰ ਅਤੇ ਹਰਜੀਤ ਸਿੰਘ ਗਰੇਵਾਲ, ਨੇਪਾਲ ਤੋਂ ਕਿਰਨਦੀਪ ਕੌਰ ਸੰਧੂ, ਬੈਲਜੀਅਮ ਤੋਂ ਸੁਖਦੇਵ ਸਿੰਘ, ਯੂਗਾਂਡਾ ਤੋਂ ਸਰਦੂਲ ਸਿੰਘ, ਥਾਈਲੈਂਡ ਤੋਂ ਰਣਬੀਰ ਸਿੰਘ ਅਟਵਾਲ, ਬਰਮਿੰਘਮ ਤੋਂ ਖਜ਼ਾਨਚੀ ਸਤਨਾਮ ਸਿੰਘ ਪੂਨੀਆ, ਸਤਵਿੰਦਰ ਸਿੰਘ ਢਡਿਆਲਾ, ਸਤਿੰਦਰ ਸਿੰਘ ਅਰਧਾਂ, ਸੁਰਜੀਤ ਸਿੰਘ ਜੁਤਲਾ, ਨਵਦੀਪ ਸਿੰਘ, ਲੰਡਨ ਤੋਂ ਬਲਬੀਰ ਕੌਰ ਮਠਾੜੂ ਸ਼ਾਮਲ ਹਨ।