Mohali News: ਮੰਗਲਵਾਰ ਨੂੰ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ਉਤੇ ਬੁਰਾਈ ਉਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਬੜੀ ਹੀ ਸ਼ਰਧਾ ਭਾਵਨਾ ਤੇ ਚਾਵਾਂ ਨਾਲ ਮਨਾਇਆ ਗਿਆ।
Trending Photos
Mohali News: ਮੰਗਲਵਾਰ ਨੂੰ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ਉਤੇ ਬੁਰਾਈ ਉਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਬੜੀ ਹੀ ਸ਼ਰਧਾ ਭਾਵਨਾ ਤੇ ਚਾਵਾਂ ਨਾਲ ਮਨਾਇਆ ਗਿਆ। ਇਸ ਤਹਿਤ ਮੋਹਾਲੀ ਦੇ ਸੈਕਟਰ 85 ਸਥਿਤ ਵੇਵ ਅਸਟੇਟ ਵਿੱਚ ਦੁਸਹਿਰਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਸੀ। ਕੋਰੋਨਾ ਮਹਾਮਾਰੀ ਦੇ ਪਰਛਾਵੇਂ ਮਗਰੋਂ ਇਸ ਵਾਰ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਦੁਸਹਿਰੇ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਰਾਵਣ, ਮੇਘਨਾਦ (ਰਾਵਣ ਦੇ ਪੁੱਤਰ) ਅਤੇ ਕੁੰਭਕਰਨ (ਰਾਵਣ ਦੇ ਭਰਾ) ਦੇ ਪੁਤਲਿਆਂ ਨੂੰ ਸਾੜਨ ਤੋਂ ਪਹਿਲਾਂ ਰਮਾਇਣ ਦੀਆਂ ਝਲਕੀਆਂ ਮੁੜ ਪੇਸ਼ ਕੀਤੀਆਂ ਗਈਆਂ।
ਇਸ ਦੌਰਾਨ ਬੁਰਾਈ ਉਪਰ ਚੰਗਿਆਈ ਦੀ ਸਦੀਵੀ ਜਿੱਤ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਵਲੰਟੀਅਰਾਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ। ਲੋਕ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦੇ ਦਹਿਨ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸੂਰਜ ਢੱਲਦੇ ਸਾਰ ਹੀ 10 ਸਿਰ ਵਾਲੇ ਰਾਵਣ ਤੇ ਹੋਰ ਪੁਤਲਿਆਂ ਨੂੰ ਅਗਨਭੇਟ ਕਰ ਦਿੱਤਾ ਗਿਆ।
ਰਾਮਲੀਲਾ ਤੇ ਦੁਸਹਿਰਾ ਕਮੇਟੀ ਵੇਵ ਅਸਟੇਟ, ਸੈਕਟਰ 85 ਅਤੇ 99 ਦੇ ਪ੍ਰਧਾਨ ਵਰੁਣ ਵਾਸੂਦੇਵਾ ਨੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਇਸ ਸਮਾਗਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਨਸ਼ਿਆਂ ਦੀ ਅਲਾਮਤ ਵਿਰੁੱਧ ਲੜਾਈ ਵਿੱਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਹ ਸਫ਼ਲ ਸਮਾਗਮ ਪ੍ਰਸ਼ਾਸਨ ਦੇ ਤਾਲਮੇਲ ਵਾਲੇ ਯਤਨਾਂ ਤੇ ਪੁਲਿਸ ਫੋਰਸ ਦੇ ਤਨਦੇਹੀ ਨਾਲ ਸਹਿਯੋਗ ਸਦਕਾ ਸੰਭਵ ਹੋਇਆ ਹੈ, ਜਿਸ ਨਾਲ ਰਾਵਣ ਦਹਿਨ ਦੇ ਤਿਉਹਾਰ ਨੂੰ ਯਾਦਗਾਰੀ ਅਤੇ ਸਦਭਾਵਨਾ ਨਾਲ ਮਨਾਇਆ ਜਾ ਸਕੇ। ਉਨ੍ਹਾਂ ਵਿਧਾਇਕ ਕੁਲਵੰਤ ਸਿੰਘ, ਐਸਡੀਐਮ ਚੰਦਰਜੋਤ ਸਿੰਘ, ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਅਤੇ ਐਸਐਸਪੀ ਸੰਦੀਪ ਗਰਗ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।